JALANDHAR WEATHER

ਨਸ਼ਾ ਕਰਨ ਤੇ ਵੇਚਣ ਤੋਂ ਰੋਕਣ 'ਤੇ ਨਸ਼ੇੜੀਆਂ ਵਲੋਂ ਨਿਹੰਗ ਸਿੰਘ 'ਤੇ ਹਮਲਾ

ਚੋਗਾਵਾਂ/ਅੰਮ੍ਰਿਤਸਰ, 12 ਜੁਲਾਈ (ਗੁਰਵਿੰਦਰ ਸਿੰਘ ਕਲਸੀ)-ਕਸਬਾ ਚੋਗਾਵਾਂ ਵਿਖੇ ਨਸ਼ਾ ਕਰਨ ਅਤੇ ਵੇਚਣ ਤੋਂ ਰੋਕਣਾ ਇਕ ਨਿਹੰਗ ਸਿੰਘ ਨੂੰ ਉਸ ਵੇਲੇ ਮਹਿੰਗਾ ਪੈ ਗਿਆ, ਜਦੋਂ ਨਸ਼ਈਆਂ ਵਲੋਂ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਗਿਆ। ਇਸ ਸਬੰਧੀ ਸਰਕਾਰੀ ਹਸਪਤਾਲ ਲੋਪੋਕੇ ਵਿਖੇ ਜ਼ੇਰੇ ਇਲਾਜ ਪਿੰਡ ਠੱਠਾ ਦੇ ਬਾਬਾ ਸਰਵਣ ਸਿੰਘ ਨੇ ਦੱਸਿਆ ਕਿ ਹਰ ਰੋਜ਼ ਗੁਰਦੁਆਰਾ ਸਾਹਿਬ ਦੇ ਲਾਗੇ ਨਸ਼ੇੜੀ ਇਕੱਠੇ ਹੋ ਕੇ ਨਸ਼ਾ ਕਰਦੇ ਹਨ। ਅਸੀਂ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਅਸ਼ਵਨੀ, ਕਾਬਲ, ਸੋਨਾ, ਹੀਰਾ ਅਤੇ 15 ਦੇ ਕਰੀਬ ਅਣਪਛਾਤੇ ਵਿਅਕਤੀਆਂ ਨੇ ਬਾਲੇ ਅਤੇ ਲੋਹੇ ਦੀਆਂ ਰਾਡਾਂ ਨਾਲ ਹਮਲਾ ਕਰਕੇ ਮੇਰੀ ਬਾਂਹ ਤੋੜ ਦਿੱਤੀ ਤੇ ਗੰਭੀਰ ਸੱਟਾਂ ਮਾਰੀਆਂ।

ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਮੈਨੂੰ ਬਚਾਇਆ। ਉਨ੍ਹਾਂ ਕਿਹਾ ਕਿ ਇਕ ਪਾਸੇ ਸਰਕਾਰ ਵਲੋਂ ਨਸ਼ਿਆਂ ਖਿਲਾਫ ਮੁਹਿੰਮ ਚਲਾਈ ਗਈ ਹੈ‌, ਜਿਸ ਦੇ ਬਾਵਜੂਦ ਵੀ ਨਸ਼ਾ ਵਿਕ ਰਿਹਾ ਹੈ। ਜੇਕਰ ਕੋਈ ਇਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਦਾ ਹੈ ਤਾਂ ਉਸ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਹਲਕਾ ਰਾਜਾਸਾਂਸੀ ਦੀ ਇੰਚਾਰਜ ਮੈਡਮ ਸੋਨੀਆ ਮਾਨ ਹਸਪਤਾਲ ਪਹੁੰਚੇ ਤੇ ਜ਼ਖਮੀ ਦਾ ਹਾਲ-ਚਾਲ ਜਾਣਿਆ। ਉਨ੍ਹਾਂ ਪੁਲਿਸ ਨੂੰ ਇਸ ਸਬੰਧੀ ਸਖਤ ਕਾਰਵਾਈ ਕਰਨ ਦੀ ਹਦਾਇਤ ਕੀਤੀ। ਇਸ ਦੌਰਾਨ ਜਗਰੂਪ ਸਿੰਘ ਮੰਡ, ਬਲਾਕ ਪ੍ਰਧਾਨ ਕੰਵਲਜੀਤ ਸਿੰਘ ਚੋਗਾਵਾਂ, ਜੋਗਾ ਸਿੰਘ ਠੱਠਾ ਆਦਿ ਹਾਜ਼ਰ ਸਨ। ਪੁਲਿਸ ਨਾਲ ਸੰਪਰਕ ਕਰਨ ਉਤੇ ਉਨ੍ਹਾਂ ਕਿਹਾ ਕਿ ਇਸ ਸਬੰਧੀ ਉਕਤ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕਰਕੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ