2 ਲੋੜੀਂਦੇ ਨਸ਼ਾ ਤਸਕਰ ਹੈਰੋਇਨ ਸਮੇਤ ਗ੍ਰਿਫਤਾਰ

ਜੈਤੀਪੁਰ,12 ਜੁਲਾਈ (ਭੁਪਿੰਦਰ ਸਿੰਘ ਗਿੱਲ)-ਮਾਣਯੋਗ ਮੁੱਖ ਮੰਤਰੀ ਪੰਜਾਬ ਵਲੋਂ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ 'ਯੁੱਧ ਨਸ਼ਿਆਂ ਵਿਰੁੱਧ' ਤਹਿਤ ਮਨਿੰਦਰ ਸਿੰਘ ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਅਤੇ ਮਨਿੰਦਰਾਪਲ ਸਿੰਘ ਡੀ.ਐਸ.ਪੀ. ਮਜੀਠਾ ਦੀ ਅਗਵਾਈ ਹੇਠ ਥਾਣਾ ਕੱਥੂਨੰਗਲ ਪੁਲਿਸ ਵਲੋਂ 2 ਨਸ਼ਾ ਤਸਕਰਾਂ ਨੂੰ 10 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ।
ਇਸ ਸਬੰਧੀ ਮਨਿੰਦਰਾਪਲ ਸਿੰਘ ਡੀ.ਐਸ.ਪੀ. ਮਜੀਠਾ ਨੇ ਦੱਸਿਆ ਕਿ ਥਾਣਾ ਕੱਥੂਨੰਗਲ ਦੀ ਪੁਲਿਸ ਪਾਰਟੀ ਵਲੋਂ ਗਸ਼ਤ ਦੌਰਾਨ ਪੁੱਲ ਸੁਆ, ਕੈਰੋਨੰਗਲ ਰੋਡ, ਚਵਿੰਡਾ ਦੇਵੀ ਤੋਂ ਸਾਗਰ ਉਰਫ ਲਿਖਾਰੀ ਅਤੇ ਨੀਤਿਨ ਨੂੰ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ, ਜਿਸ ਸਬੰਧੀ ਉਕਤ ਦੋਵਾਂ ਦੋਸ਼ੀਆਂ ਖਿਲਾਫ ਥਾਣਾ ਕੱਥੂਨੰਗਲ ਵਿਖੇ ਮੁਕੱਦਮਾ ਦਰਜ ਕਰਕੇ ਤਫਤੀਸ਼ ਅਮਲ ਵਿਚ ਲਿਆਂਦੀ ਜਾ ਰਹੀ ਹੈ।
ਦੱਸਣਯੋਗ ਹੈ ਕਿ ਉਕਤ ਗ੍ਰਿਫਤਾਰ ਦੋਸ਼ੀ ਸਾਗਰ ਉਰਫ ਲਿਖਾਰੀ ਪਹਿਲਾਂ ਹੀ ਐਨ.ਡੀ.ਪੀ.ਐਸ. ਐਕਟ ਤਹਿਤ ਥਾਣਾ ਕੱਥੂਨੰਗਲ ਵਿਚ ਲੋੜੀਂਦੇ ਸੀ। 2 ਦੋਸ਼ੀ ਰਾਜਨ ਸਿੰਘ ਅਤੇ ਦਵਿੰਦਰ ਸਿੰਘ ਵਾਸੀਆਨ ਚਵਿੰਡਾ ਦੇਵੀ ਨੂੰ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ। ਪੁੱਛਗਿੱਛ ਦੌਰਾਨ ਉਕਤ ਗ੍ਰਿਫਤਾਰ ਰਾਜਨ ਸਿੰਘ ਅਤੇ ਦਵਿੰਦਰ ਸਿੰਘ ਨੇ ਦੱਸਿਆ ਕਿ ਇਹ ਹੈਰੋਇਨ ਉੁਨ੍ਹਾਂ ਸਾਗਰ ਉਰਫ ਲਿਖਾਰੀ ਕੋਲੋਂ ਖਰੀਦੀ ਸੀ। ਪੁਲਿਸ ਵਲੋਂ ਉਕਤ ਗ੍ਰਿਫਤਾਰ ਦੋਸ਼ੀਆਂ ਦੇ ਫਾਰਵਰਡ ਅਤੇ ਬੈਕਵਰਡ ਲਿੰਕਾਂ ਨੂੰ ਚੰਗੀ ਤਰ੍ਹਾਂ ਖੰਘਾਲਿਆ ਜਾ ਰਿਹਾ ਹੈ ਅਤੇ ਹੋਰ ਜਿਸ ਕਿਸੇ ਦੀ ਵੀ ਸ਼ਮੂਲੀਅਤ ਸਾਹਮਣੇ ਆਵੇਗੀ, ਉਸ ਖਿਲਾਫ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।