38 ਸਾਲਾ ਔਰਤ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ

ਗੁਰੂ ਹਰ ਸਹਾਏ, (ਫ਼ਿਰੋਜ਼ਪੁਰ), 14 ਜੁਲਾਈ (ਕਪਿਲ ਕੰਧਾਰੀ)- ਗੁਰੂ ਹਰ ਸਹਾਏ ਹਲਕੇ ਵਿਚ ਅੱਜ ਤੜਕਸਾਰ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਸ਼ਹਿਰ ਦੇ ਨਾਲ ਲੱਗਦੇ ਪਿੰਡ ਹੱਡੀ ਵਾਲਾ ਵਿਖੇ ਬੀਤੀ ਰਾਤ ਕਰੀਬ 1 ਵਜੇ 38 ਸਾਲਾ ਔਰਤ ਵਲੋਂ ਫਾਹਾ ਲੈ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਗੁਰੂ ਹਰ ਸਹਾਏ ਵਿਖੇ ਤਾਇਨਾਤ ਏ.ਐਸ.ਆਈ. ਮਹੇਸ਼ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਬੀਤੀ ਰਾਤ ਇਤਲਾਹ ਮਿਲੀ ਕੇ ਪਿੰਡ ਹੱਡੀ ਵਾਲਾ ਵਿਖੇ ਗੁਰਪ੍ਰੀਤ ਕੌਰ ਪਤਨੀ ਕੇਹਰ ਸਿੰਘ ਉਮਰ ਕਰੀਬ 38 ਸਾਲ ਵਲੋਂ ਆਪਣੇ ਘਰ ਦੇ ਨਾਲ ਬਣੇ ਗੱਡੀ ਖੜੀ ਕਰਨ ਵਾਲੇ ਗੈਰੇਜ ਵਿਚ ਜਾ ਕੇ ਛੱਤ ’ਤੇ ਲੱਗੇ ਗਾਡਰਾਂ ਦੇ ਨਾਲ ਕੱਪੜਾ ਬੰਨ ਕੇ ਫਾਹ ਲੈ ਕੇ ਖੁਦਕੁਸ਼ੀ ਕਰ ਲਈ ਗਈ।
ਉਨ੍ਹਾਂ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਨੂੰ ਇਸ ਸੰਬੰਧੀ ਇਤਲਾਹ ਮਿਲੀ ਤਾਂ ਉਹ ਮੌਕੇ ’ਤੇ ਪੁਲਿਸ ਪਾਰਟੀ ਸਮੇਤ ਪਹੁੰਚੇ ਅਤੇ ਇਸ ਘਟਨਾ ਸੰਬੰਧੀ ਸਾਰੀ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਦੱਸਿਆ ਕਿ ਜਾਣਕਾਰੀ ਅਨੁਸਾਰ ਇਹ ਔਰਤ ਦਿਮਾਗੀ ਤੌਰ ’ਤੇ ਪਰੇਸ਼ਾਨ ਰਹਿੰਦੀ ਸੀ, ਜਿਸ ਦੇ ਚਲਦਿਆਂ ਇਸ ਵਲੋਂ ਇਹ ਕਦਮ ਚੁੱਕਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਵਲੋਂ ਇਸ ਮਾਮਲੇ ਨੂੰ ਲੈ ਕੇ ਬਾਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਇਸ ਔਰਤ ਵਲੋਂ ਇਹ ਕਦਮ ਕਿਉਂ ਚੁੱਕਿਆ ਗਿਆ ਹੈ ਤੇ ਕੀ ਇਹ ਅਸਲ ਵਿਚ ਔਰਤ ਦਿਮਾਗੀ ਤੌਰ ’ਤੇ ਪਰੇਸ਼ਾਨ ਰਹਿੰਦੀ ਸੀ ਜਾਂ ਇਸਦੀ ਮੌਤ ਦਾ ਕੋਈ ਹੋਰ ਕਾਰਨ ਹੈ।
ਗੁਰਪ੍ਰੀਤ ਕੌਰ ਦਾ ਇਕ 17 ਸਾਲਾਂ ਲੜਕਾ ਹੈ। ਪੁਲਿਸ ਨੇ ਕਿਹਾ ਕਿ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਦੇ ਲਈ ਫ਼ਿਰੋਜ਼ਪੁਰ ਮੁਰਦਾਘਰ ਵਿਚ ਭੇਜ ਦਿੱਤਾ ਜਾਵੇਗਾ।