ਪੰਜਾਬ ਵਿਧਾਨ ਸਭਾ ਵਿਸ਼ੇਸ਼ ਇਜਲਾਸ, ਤੀਜੇ ਦਿਨ ਦੀ ਕਾਰਵਾਈ ਹੋਈ ਸ਼ੁਰੂ

ਚੰਡੀਗੜ੍ਹ, 14 ਜੁਲਾਈ (ਵਿਕਰਮਜੀਤ ਸਿੰਘ ਮਾਨ)- ਵਿਧਾਨ ਸਭਾ ਇਜਲਾਸ ਦਾ ਤੀਜਾ ਦਿਨ ਰਾਣਾ ਇੰਦਰ ਪ੍ਰਤਾਪ ਸਿੰਘ ਦੇ ਧਿਆਨ ਦਿਵਾਓ ਮਤੇ ਨਾਲ ਸ਼ੁਰੂ ਹੋਇਆ, ਜਿਸ ਵਿਚ ਰਾਜ ਦੇ ਨੀਵੇਂ ਇਲਾਕਿਆਂ ’ਚ ਪਾਣੀ ਦਾ ਪੱਧਰ ਵਧਣ ਕਾਰਨ ਹੜਾਂ ਦੇ ਖਤਰੇ ਬਾਰੇ ਸੀ। ਜਲ ਸਰੋਤ ਮੰਤਰੀ ਨੇ ਕਿਹਾ ਕਿ ਡੈਮਾਂ ਦੀ ਸਮਰੱਥਾ ਅਨੁਸਾਰ ਹੜ੍ਹਾਂ ਤੋਂ ਡਰਨ ਦੀ ਕੋਈ ਲੋੜ ਨਹੀਂ ਹੈ। ਭਾਖੜਾ ਡੈਮ ਵਿਚ 1593 ਫੁੱਟ ਪਾਣੀ ਹੈ। ਜਦੋਂ 2023 ਵਿਚ ਹੜ੍ਹ ਦੀ ਸਥਿਤੀ ਪੈਦਾ ਹੋਈ ਸੀ, ਤਾਂ ਇਸ ਦਿਨ 1734.27 ਫੁੱਟ ਪਾਣੀ ਸੀ।
ਉਨ੍ਹਾਂ ਨੇ ਪੌਂਗ ਡੈਮ ਅਤੇ ਰਣਜੀਤ ਸਿੰਘ ਸਾਗਰ ਦੀ ਸਥਿਤੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉੱਥੇ ਵੀ ਪਾਣੀ ਘੱਟ ਹੈ। ਅੱਜ ਤੱਕ ਹੜ੍ਹ ਦੀ ਸਥਿਤੀ ਦਿਖਾਈ ਨਹੀਂ ਦੇ ਰਹੀ। ਜੇਕਰ ਹੜ੍ਹ ਆਉਂਦਾ ਹੈ, ਤਾਂ ਸਰਕਾਰ ਵਲੋਂ ਪੂਰੇ ਪ੍ਰਬੰਧ ਕੀਤੇ ਗਏ ਹਨ। ਸਾਰੀਆਂ ਨਦੀਆਂ, ਨਾਲਿਆਂ ਅਤੇ ਚੋਆਂ ਦੀ ਸਫਾਈ ਕੀਤੀ ਗਈ ਹੈ। 202.05 ਕਰੋੜ ਰੁਪਏ ਅਲਾਟ ਕੀਤੇ ਗਏ ਸਨ। ਇਸੇ ਤਰ੍ਹਾਂ ਈ.ਸੀ. ਬੈਗ ਅਤੇ ਮਿੱਟੀ ਦੇ ਥੈਲੇ ਭਰ ਕੇ ਰੱਖੇ ਗਏ ਹਨ। ਇਸ ਤੋਂ ਇਲਾਵਾ ਹੋਰ ਪ੍ਰਬੰਧ ਵੀ ਕੀਤੇ ਗਏ ਹਨ। ਪੂਰੀ ਸਥਿਤੀ ’ਤੇ ਨਜ਼ਰ ਰੱਖੀ ਜਾ ਰਹੀ ਹੈ।