ਵਿਧਾਇਕਾ ਗਨੀਵ ਕੌਰ ਨੇ ਕੀਤੀ ਨਾਭਾ ਜੇਲ 'ਚ ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ

ਨਾਭਾ, 14 ਜੁਲਾਈ (ਜਗਨਾਰ ਸਿੰਘ ਦੁਲੱਦੀ)-ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿਚ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਵਿਚ ਬੰਦ ਸੀਨੀਅਰ ਅਕਾਲੀ ਆਗੂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕਰਨ ਲਈ ਅੱਜ ਬਾਅਦ ਦੁਪਹਿਰ ਉਨ੍ਹਾਂ ਦੀ ਧਰਮ ਪਤਨੀ ਮਜੀਠਾ ਤੋਂ ਵਿਧਾਇਕਾ ਗਨੀਵ ਕੌਰ ਮੁਲਾਕਾਤ ਕਰਨ ਲਈ ਪਹੁੰਚੇ ਜਿਥੇ ਗਨੀਵ ਕੌਰ ਵਲੋਂ ਕਰੀਬ ਡੇਢ ਘੰਟਾ ਮਜੀਠੀਆ ਨਾਲ ਮੁਲਾਕਾਤ ਕੀਤੀ ਗਈ।
ਮੁਲਾਕਾਤ ਕਰਨ ਉਪਰੰਤ ਜੇਲ੍ਹ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕਾ ਨੇ ਕਿਹਾ ਕਿ ਮਜੀਠੀਆ ਚੜ੍ਹਦੀ ਕਲਾ ਵਿਚ ਹਨ ਅਤੇ ਚੜ੍ਹਦੀ ਕਲਾ ਵਿਚ ਹੀ ਰਹਿਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਜੋ ਮਰਜ਼ੀ ਕਰ ਲਵੇ, ਮਜੀਠੀਆ ਪਰਿਵਾਰ ਡਰਨ ਵਾਲਾ ਨਹੀਂ। ਗਨੀਵ ਕੌਰ ਮਜੀਠੀਆ ਨੇ ਕਿਹਾ ਕਿ ਸੂਬੇ ਦੀ ਸਰਕਾਰ ਦੀ ਮਨਸ਼ਾ ਦਾ ਸਾਰਿਆਂ ਨੂੰ ਪਤਾ ਹੈ ਕਿ ਉਨ੍ਹਾਂ ਦੀ ਕੀ ਮਨਸ਼ਾ ਹੈ। ਉਨ੍ਹਾਂ ਕਿਹਾ ਕਿ ਜੇਲ੍ਹ ਵਿਚ ਬਿਕਰਮ ਮਜੀਠੀਆ ਨੂੰ ਆਮ ਵਿਅਕਤੀਆਂ ਨਾਲ ਰੱਖਿਆ ਜਾ ਰਿਹਾ ਹੈ ਜਦੋਂਕਿ ਉਨ੍ਹਾਂ ਨੂੰ ਔਰੇਂਜ ਸੁਰੱਖਿਆ ਵਿਚ ਰੱਖਿਆ ਜਾਣਾ ਚਾਹੀਦਾ ਹੈ। ਮਜੀਠੀਆ ਨੇ ਕਿਹਾ ਕਿ ਅਸੀਂ ਇਸ ਸਬੰਧ ਵਿਚ ਕੋਰਟ ਵਿਚ ਅਰਜ਼ੀ ਵੀ ਦਾਇਰ ਕੀਤੀ ਹੈ, ਜਿਸ ਦੀ ਤਰੀਕ 17 ਜੁਲਾਈ ਹੈ।
ਗਨੀਵ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਮਨਸ਼ਾ ਕਲੀਅਰ ਹੈ, ਪਹਿਲਾਂ ਚਾਰ ਸਾਲ ਮਜੀਠੀਆ ਤੋਂ ਡਰੱਗ ਦੇ ਕੇਸ ਵਿਚ ਪੁੱਛਗਿੱਛ ਕੀਤੀ ਅਤੇ ਉਨ੍ਹਾਂ ਨੂੰ ਜੇਲ੍ਹ ਵਿਚ ਵੀ ਰੱਖਿਆ ਗਿਆ ਸੀ। ਉਨ੍ਹਾਂ ਕਿਹਾ ਕਿ ਹੁਣ ਜਦੋਂ ਉਸ ਕੇਸ ਵਿਚੋਂ ਕੁਝ ਨਹੀਂ ਨਿਕਲਿਆ ਅਤੇ ਹੁਣ ਇਨ੍ਹਾਂ ਨੇ ਆਮਦਨ ਤੋਂ ਵੱਧ ਜਾਇਦਾਦ ਕੇਸ ਵਿਚ ਮਾਮਲਾ ਦਰਜ ਕਰ ਦਿੱਤਾ ਹੈ। ਬਿਕਰਮ ਸਿੰਘ ਮਜੀਠੀਆ ਦੀ ਨਿਗਰਾਨੀ ਲਈ ਜੇਲ੍ਹ ਵਿਚ ਕੈਮਰੇ ਲਗਾਏ ਗਏ ਹਨ। ਪੱਤਰਕਾਰ ਨੇ ਜਦੋਂ ਸਵਾਲ ਕੀਤਾ ਕਿ ਮੀਡੀਆ ਨੂੰ ਬਿਕਰਮ ਸਿੰਘ ਮਜੀਠੀਆ ਨਾਲ ਗੱਲਬਾਤ ਕਰਨ ਤੋਂ ਰੋਕਿਆ ਜਾ ਰਿਹਾ ਹੈ।
ਬਿਕਰਮ ਸਿੰਘ ਮਜੀਠੀਆ ਦੇ ਵਕੀਲ ਨੇ ਕਿਹਾ ਕਿ ਜਦੋਂ ਮਜੀਠੀਆ ਨੂੰ ਕੋਰਟ ਵਲੋਂ ਨਾਭਾ ਜੇਲ੍ਹ ਵਿਚ ਭੇਜਿਆ ਗਿਆ ਸੀ, ਉਸ ਵੇਲੇ ਸਾਫ ਲਿਖਿਆ ਗਿਆ ਸੀ ਕਿ ਉਹ ਔਰੇਂਜ ਜ਼ੋਨ ਵਿਚ ਰਹਿਣਗੇ ਪਰ ਇਨ੍ਹਾਂ ਵਲੋਂ ਆਮ ਬੈਰਕ ਵਿਚ ਹੀ ਮਜੀਠੀਆ ਨੂੰ ਰੱਖਿਆ ਹੋਇਆ ਹੈ ਅਤੇ ਅਸੀਂ ਇਹ ਚੈਲੰਜ ਵੀ ਕੀਤਾ ਹੈ, ਜਿਸ ਦੇ ਸਬੰਧ ਵਿਚ ਕੋਰਟ ਦਾ ਫੈਸਲਾ ਜਲਦੀ ਹੀ ਆ ਜਾਵੇਗਾ।