ਹਥਿਆਰਾਂ, ਨਕਦੀ ਤੇ 9 ਮੋਬਾਇਲਾਂ ਸਮੇਤ 3 ਵਿਅਕਤੀ ਕਾਬੂ

ਮਾਛੀਵਾੜਾ ਸਾਹਿਬ, 15 ਜੁਲਾਈ (ਰਾਜਦੀਪ ਸਿੰਘ ਅਲਬੇਲਾ)-ਮਾਛੀਵਾੜਾ ਸਾਹਿਬ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਲੁੱਟ-ਖੋਹ ਨੂੰ ਅੰਜਾਮ ਦੇਣ ਵਾਲੇ 3 ਵਿਅਕਤੀਆਂ ਮਨੀਸ਼ ਲਾਲ ਉਰਫ਼ ਨਾਗਪਾਲ ਪੁੱਤਰ ਕ੍ਰਿਸ਼ਨ ਲਾਲ ਵਾਸੀ ਰਾਈਆਂ ਮੁਹੱਲਾ, ਨੇੜੇ ਡਾਕਖਾਨਾ ਮਾਛੀਵਾੜਾ, ਤੇਜਿੰਦਰ ਸਿੰਘ ਪੁੱਤਰ ਹਰਜੀਤ ਸਿੰਘ ਵਾਸੀ ਗੌਂਸਗੜ੍ਹ, ਥਾਣਾ ਮਾਛੀਵਾੜਾ ਅਤੇ ਹਰਜੋਤ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਬੌਂਦਲ ਰੋਡ, ਸਮਰਾਲਾ ਨੂੰ ਕਿਰਪਾਨਾਂ, ਦਾਤਰ, ਲੁੱਟ-ਖੋਹ ਕੀਤੇ ਪੈਸਿਆਂ ਅਤੇ 9 ਮੋਬਾਇਲ ਸਮੇਤ ਕਾਬੂ ਕੀਤਾ ਹੈ।
ਇਸ ਸਬੰਧੀ ਪ੍ਰੈੱਸ ਕਾਨਫਰੰਸ ਕਰਦਿਆਂ ਸਮਰਾਲਾ ਦੇ ਡੀ.ਐੱਸ.ਪੀ. ਤਰਲੋਚਨ ਸਿੰਘ ਨੇ ਦੱਸਿਆ ਕਿ ਪੁਲਿਸ ਜ਼ਿਲ੍ਹਾ ਖੰਨਾ ਦੇ ਐੱਸ.ਐੱਸ.ਪੀ. ਡਾ. ਜੋਤੀ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਚੰਦਨ ਯਾਦਵ ਵਾਸੀ ਬੀਵੀਪੁਰ ਖਾਸ, ਥਾਣਾ ਕਰਾਮਦੀਨਪੁਰ ਜ਼ਿਲ੍ਹਾ ਗਾਜੀਪੁਰ (ਯੂ.ਪੀ.) ਹਾਲ ਵਾਸੀ ਕੁਆਰਟਰ ਹਰੀਸਰ ਪਲਾਈਵੁੱਡ ਫੈਕਟਰੀ ਢੰਡਾਰੀ ਕਲਾਂ ਨੇ ਬਿਆਨ ਦਰਜ ਕਰਵਾਏ ਕਿ ਉਹ ਲਾਲ ਬਹਾਦਰ ਦੀ ਮੈਕਸ ਪਿਕਅਪ ਵਿਚ ਪਰਿਵਾਰ ਦੇ ਮੈਂਬਰਾਂ ਨਾਲ ਮਾਤਾ ਨੈਣਾ ਦੇਵੀ ਦਰਸ਼ਨਾਂ ਲਈ ਗਏ। ਜਦੋਂ ਅਸੀਂ ਦਰਸ਼ਨ ਕਰਕੇ ਵਾਪਸ ਲੁਧਿਆਣਾ ਵੱਲ ਨੂੰ ਆ ਰਹੇ ਸੀ ਤਾਂ ਸਰਹਿੰਦ ਨਹਿਰ ਪੁਲ ਬਾ ਹੱਦ ਪਿੰਡ ਪਵਾਤ ਨੇੜੇ ਸਥਿਤ ਫਾਰਮ ਵਿਚ ਨਹਾਉਣ ਲਈ ਚਲੇ ਗਏ ਤਾਂ ਉਥੇ ਇਕ ਵਰਨਾ ਕਾਰ ਵਿਚ 5 ਅਣਪਛਾਤੇ ਨੌਜਵਾਨ ਆਏ ਜਿਨ੍ਹਾਂ ਨੇ ਸਾਨੂੰ ਤੇਜ਼ਧਾਰ ਹਥਿਆਰ ਦਿਖਾ ਕੇ ਕਿਹਾ ਕਿ ਤੁਹਾਡੇ ਕੋਲ ਜੋ ਵੀ ਕੁਝ ਹੈ, ਕੱਢ ਦਿਓ। ਇਨ੍ਹਾਂ ’ਚੋਂ ਇਕ ਨੌਜਵਾਨ ਨੇ ਮੈਨੂੰ ਮਾਰ ਦੇਣ ਦੀ ਨੀਅਤ ਨਾਲ ਵਾਰ ਕੀਤਾ, ਜਿਸ ’ਤੇ ਮੈਂ ਆਪਣੀ ਬਾਂਹ ਅੱਗੇ ਕਰ ਦਿੱਤੀ।
ਅਸੀਂ ਇਨ੍ਹਾਂ ਨੌਜਵਾਨਾਂ ਵਲੋਂ ਕੀਤੀ ਡਕੈਤੀ ਦੇ ਡਰ ਤੇ ਆਪਣੇ ਜਾਨੀ ਨੁਕਸਾਨ ਤੋਂ ਬਚਣ ਲਈ 7,000 ਰੁਪਏ, ਇਕ ਮੋਬਾਇਲ, ਮੇਰੇ ਸਾਥੀ ਮੋਹਨ ਰਾਮ ਨੇ 1500 ਰੁਪਏ ਕੱਢ ਕੇ ਦੇ ਦਿੱਤੇ। ਇਸ ਤੋਂ ਬਾਅਦ ਇਹ ਨੌਜਵਾਨ ਸਾਨੂੰ ਧਮਕਾਉਂਦੇ ਹੋਏ ਹਥਿਆਰਾਂ ਸਮੇਤ ਮੌਕੇ ਤੋਂ ਫ਼ਰਾਰ ਹੋ ਗਏ। ਪੁਲਿਸ ਵਲੋਂ ਉਕਤ ਅਣਪਛਾਤੇ ਵਿਅਕਤੀਆਂ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਮਾਛੀਵਾੜਾ ਪੁਲਿਸ ਵਲੋਂ ਬੜੀ ਮੁਸ਼ੱਕਤ ਤੋਂ ਬਾਅਦ ਮਨੀਸ਼ ਲਾਲ ਉਰਫ਼ ਨਾਗਪਾਲ, ਤੇਜਿੰਦਰ ਸਿੰਘ ਅਤੇ ਹਰਜੋਤ ਸਿੰਘ ਨੂੰ ਕੋਹਾੜਾ ਰੋਡ ਬੈਕ ਸਾਈਡ ਸੈਕਰਡ ਹਾਰਟ ਸਕੂਲ ਮਾਛੀਵਾੜਾ ਤੋਂ ਕਾਬੂ ਕਰ ਲਿਆ ਗਿਆ।
ਦੋਸ਼ੀਆਂ ਵਲੋਂ ਵਾਰਦਾਤ ਸਮੇਂ ਵਰਤੀ ਗਈ ਵਰਨਾ ਕਾਰ, ਜਿਸ ’ਤੇ ਜਾਅਲੀ ਨੰਬਰ ਪਲੇਟ ਲੱਗੀ ਸੀ, ਜਿਸ ਦਾ ਅਸਲ ਨੰਬਰ ਕੁਝ ਹੋਰ ਹੈ, ਨੂੰ ਵੀ ਬਰਾਮਦ ਕੀਤਾ ਗਿਆ ਹੈ। ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰਨ ਤੋਂ ਬਾਅਦ ਰਿਮਾਂਡ ਲਿਆ ਜਾਵੇਗਾ ਜਿਨ੍ਹਾਂ ਤੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਡੀ.ਐੱਸ.ਪੀ. ਤਰਲੋਚਨ ਸਿੰਘ ਨੇ ਦੱਸਿਆ ਕਿ ਉਕਤ ਕਥਿਤ ਦੋਸ਼ੀਆਂ ਵਲੋਂ ਸਮਰਾਲਾ, ਕੁਹਾੜਾ, ਮਾਛੀਵਾੜਾ ਸਾਹਿਬ ਦੇ ਇਲਾਕਿਆਂ ਵਿਚ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ। ਡੀ.ਐੱਸ.ਪੀ. ਤਰਲੋਚਨ ਸਿੰਘ ਨੇ ਦੱਸਿਆ ਕਿ ਭਲਕੇ ਚਹਿਲਾਂ ਸ਼ਿਵ ਮੰਦਰ ਨੇੜੇ ਸ਼ਰਧਾਲੂਆਂ ਨਾਲ ਭਰੀ ਬੱਸ ’ਤੇ ਵੀ ਉਕਤ ਕਥਿਤ ਦੋਸ਼ੀਆਂ ਨੇ ਹਮਲਾ ਕੀਤਾ ਸੀ।
ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ਨਾਲ ਭਰੀ ਇਕ ਬੱਸ ਲੁਧਿਆਣਾ ਤੋਂ ਸਮਰਾਲਾ ਨੇੜੇ ਸਥਿਤ ਸ਼ਿਵ ਮੰਦਿਰ, ਚਹਿਲਾਂ ਵਿਖੇ ਮੱਥਾ ਟੇਕਣ ਆ ਰਹੀ ਸੀ ਜਿਨ੍ਹਾਂ ਪਿੱਛੇ ਇਹ ਨੌਜਵਾਨ ਵਰਨਾ ਕਾਰ ਵਿਚ ਸਨ। ਬੱਸ ਡਰਾਈਵਰ ਵਲੋਂ ਉਕਤ ਨੌਜਵਾਨਾਂ ਨੂੰ ਸਾਈਡ ਨਾ ਦੇਣ ’ਤੇ ਇਨ੍ਹਾਂ ਵਲੋਂ ਕਿਰਪਾਨਾਂ ਨਾਲ ਬੱਸ ’ਤੇ ਹਮਲਾ ਤੇ ਧਮਕੀਆਂ ਦੇ ਕੇ ਡਰਾਈਵਰ ਤੋਂ ਪੈਸੇ ਖੋਹਣ ਦੀ ਵੀ ਕੋਸ਼ਿਸ਼ ਕੀਤੀ ਗਈ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਇਸ ਹਮਲੇ ਵਿਚ ਕੋਈ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਪੁਲਿਸ ਵਲੋਂ ਧਾਰਮਿਕ ਭਾਵਨਾਵਾਂ ਦੇ ਮੱਦੇਨਜ਼ਰ ਉਕਤ ਨੌਜਵਾਨਾਂ ਨੂੰ ਕਾਬੂ ਕਰਕੇ ਮਾਮਲਾ ਦਰਜ ਕਰ ਲਿਆ ਹੈ।