ਸ਼੍ਰੋਮਣੀ ਕਮੇਟੀ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਧਮਾਕਾ ਕਰਨ ਸੰਬੰਧੀ ਮੁੜ ਮਿਲੀ ਧਮਕੀ ਭਰੀ ਈ.ਮੇਲ

ਅੰਮ੍ਰਿਤਸਰ, 18 ਜੁਲਾਈ (ਜਸਵੰਤ ਸਿੰਘ ਜੱਸ)- ਇਕ ਪਾਸੇ ਜਿੱਥੇ ਅੰਮ੍ਰਿਤਸਰ ਪੁਲਿਸ ਵਲੋਂ ਪਿਛਲੇ ਕੁਝ ਦਿਨਾਂ ਤੋਂ ਸ੍ਰੀ ਦਰਬਾਰ ਸਾਹਿਬ ਵਿਖੇ ਆਰ.ਡੀ.ਐਕਸ. ਨਾਲ ਬੰਮ ਧਮਾਕੇ ਕਰਨ ਸੰਬੰਧੀ ਧਮਕੀ ਭਰੀਆਂ ਈ.ਮੇਲ ਭੇਜਣ ਵਾਲੇ ਇਕ ਵਿਅਕਤੀ ਨੂੰ ਹਿਰਾਸਤ ਵਿਚ ਲੈਣ ਦਾ ਐਲਾਨ ਕੀਤਾ ਗਿਆ ਹੈ, ਪਰ ਦੂਜੇ ਪਾਸੇ ਸ਼੍ਰੋਮਣੀ ਕਮੇਟੀ ਨੂੰ ਇਕ ਦਿਨ ਦੇ ਵਕਫ਼ੇ ਬਾਅਦ ਅੱਜ ਮੁੜ ਛੇਵੀਂ ਧਮਕੀ ਭਰੀ ਈ.ਮੇਲ ਪ੍ਰਾਪਤ ਹੋਈ ਹੈ।
ਜ਼ਿਕਰ ਯੋਗ ਹੈ ਕਿ ਅੱਜ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਵਲੋਂ ਧਮਕੀ ਭਰੀਆਂ ਈ.ਮੇਲ ਭੇਜਣ ਵਾਲੇ ਇਕ ਸਾਫਟਵੇਅਰ ਇੰਜੀਨੀਅਰ ਸ਼ੁਭਮ ਦੁਬੇ ਨਾਂਅ ਦੇ ਵਿਅਕਤੀ ਨੂੰ ਫਰੀਦਾਬਾਦ ਤੋਂ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਸੀ, ਪਰ ਦੂਜੇ ਪਾਸੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਅੱਜ ਮੁੜ ਧਮਕੀ ਭਰੀ ਈਮੇਲ ਪ੍ਰਾਪਤ ਹੋਈ ਹੈ, ਜਿਸ ਤੋਂ ਲੱਗਦਾ ਹੈ ਕਿ ਇਸ ਸਾਜਿਸ਼ ਪਿੱਛੇ ਕੋਈ ਇਕੱਲਾ ਵਿਅਕਤੀ ਨਹੀਂ ਬਲਕਿ ਹੋਰ ਵੀ ਲੋਕ ਹਨ, ਜਿਨ੍ਹਾਂ ਬਾਰੇ ਸਰਕਾਰ ਨੂੰ ਸੰਜੀਦਗੀ ਨਾਲ ਜਾਂਚ ਕਰਨੀ ਚਾਹੀਦੀ ਹੈ।
ਉਨ੍ਹਾਂ ਦੋਸ਼ ਲਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਇਸ ਮਾਮਲੇ ਨੂੰ ਹਲਕੇ ਪੱਧਰ ’ਤੇ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਇਕ ਦੋ ਦਿਨਾਂ ਵਿਚ ਸਾਰੇ ਦੋਸ਼ੀ ਕਾਬੂ ਨਾ ਕੀਤੇ ਗਏ ਤਾਂ ਸ਼੍ਰੋਮਣੀ ਕਮੇਟੀ ਵਲੋਂ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨਾਲ ਇਸ ਅਹਿਮ ਮਾਮਲੇ ਸੰਬੰਧੀ ਮੁਲਾਕਾਤ ਕੀਤੀ ਜਾਵੇਗੀ। ਜ਼ਿਕਰ ਯੋਗ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਧਮਾਕੇ ਸੰਬੰਧੀ 14 ਤੋਂ 16 ਜੁਲਾਈ ਦੌਰਾਨ ਪੰਜ ਧਮਕੀ ਭਰੀਆਂ ਈ.ਮੇਲ ਪ੍ਰਾਪਤ ਹੋਈਆਂ ਸਨ ਤੇ ਇਕ ਦਿਨ ਦੇ ਵਕਫ਼ੇ ਬਾਅਦ ਅੱਜ ਮੁੜ ਇਕ ਅਜਿਹੀ ਈ.ਮੇਲ ਪ੍ਰਾਪਤ ਹੋਈ ਹੈ।