ਫਿਰੌਤੀ ਦੀ ਮੰਗ ਕਰ ਰਹੇ ਅਣ-ਪਛਾਤਿਆਂ ਨੇ ਬੇਕਰੀ ’ਤੇ ਕੀਤੀ ਗੋਲੀਬਾਰੀ
ਚਵਿੰਡਾ ਦੇਵੀ, (ਅੰਮ੍ਰਿਤਸਰ), 18 ਜੁਲਾਈ- ਹਲਕਾ ਮਜੀਠਾ ਦੇ ਕਸਬਾ ਚਵਿੰਡਾ ਦੇਵੀ ’ਚ ਸਥਿਤ ਸੁੰਦਰ ਬੇਕਰੀ ਵਿਖੇ ਬੀਤੀ ਦੇਰ ਰਾਤ ਤਿੰਨ ਅਣ-ਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਚਲਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਮੋਟਰਸਾਈਕਲ ’ਤੇ ਸਵਾਰ ਤਿੰਨ ਅਣਪਛਾਤੇ ਵਿਅਕਤੀਆਂ ਵਲੋਂ ਸੁੰਦਰ ਬੇਕਰੀ ’ਤੇ ਚਾਰ ਰੋਂਦ ਫਾਇਰ ਕੀਤੇ, ਜੋ ਸੁੰਦਰ ਬੇਕਰੀ ਦੇ ਦਰਵਾਜ਼ੇ ਵਿਚ ਲੱਗੇ। ਦੱਸਿਆ ਜਾ ਰਿਹਾ ਕਿ ਇਸ ਹਮਲੇ ’ਚ ਕੋਈ ਵੀ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ।
ਸੁੰਦਰ ਬੇਕਰੀ ਦੇ ਮਾਲਕ ਕੁਲਵੰਤ ਰਾਜ ਪੁੱਤਰ ਲੇਖਰਾਜ ਅਨੁਸਾਰ ਉਨ੍ਹਾਂ ਨੂੰ ਕੁਝ ਦਿਨ ਪਹਿਲਾਂ ਫੋਨ ’ਤੇ ਇਕ ਧਮਕੀ ਆਈ ਸੀ, ਜਿਸ ਵਿਚ 40 ਲੱਖ ਰੁਪਏ ਦੀ ਮੰਗ ਕੀਤੀ ਗਈ ਸੀ ਅਤੇ 10 ਦਿਨ ਦੇ ਅੰਦਰ 40 ਲੱਖ ਰੁਪਏ ਨਾ ਦੇਣ ਦੀ ਸੂਰਤ ’ਚ ਉਸ ਦੇ ਪਰਿਵਾਰ ਨੂੰ ਅੰਜ਼ਾਮ ਭੁਗਤਣ ਦੀ ਧਮਕੀ ਦਿੱਤੀ ਗਈ ਸੀ। ਮੌਕੇ ’ਤੇ ਪਹੁੰਚੀ ਪੁਲਿਸ ਪਾਰਟੀ ਥਾਣਾ ਕਥੂਨੰਗਲ ਦੀ ਟੀਮ ਅਤੇ ਡੀ.ਐਸ.ਪੀ. ਮਜੀਠਾ ਵਲੋਂ ਬਾਰੀਕੀ ਨਾਲ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਇਸ ਘਟਨਾ ਨਾਲ ਸਮੁੱਚੇ ਇਲਾਕੇ ’ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।