ਵਿਅਕਤੀ ’ਤੇ ਅਣ-ਪਛਾਤਿਆਂ ਵਲੋਂ ਅੰਨ੍ਹੇਵਾਹ ਫ਼ਾਇਰਿੰਗ, ਹੋਇਆ ਫੱਟੜ

ਜੰਡਿਆਲਾ ਗੁਰੂ, (ਅੰਮ੍ਰਿਤਸਰ), 21 ਜਲਾਈ (ਪ੍ਰਮਿੰਦਰ ਸਿੰਘ ਜੋਸਨ)- ਜੰਡਿਆਲਾ ਗੁਰੂ ਵਿਚ ਅੱਜ ਫਿਰ ਅਣ-ਪਛਾਤੇ ਵਿਅਕਤੀਆਂ ਵਲੋਂ ਕਾਰ ਵਿਚ ਜਾ ਰਹੇ ਇਕ ਵਕੀਲ ’ਤੇ ਅੰਨ੍ਹੇਵਾਹ ਫਾਇਰਿੰਗ ਕਰਕੇ ਉਸ ਨੂੰ ਗੰਭੀਰ ਫੱਟੜ ਕਰ ਦਿੱਤਾ ਗਿਆ, ਜਿਸ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਇਕ ਹਸਪਤਾਲ ਵਿਚ ਲਿਜਾਇਆ ਗਿਆ ਹੈ ।
ਜੰਡਿਆਲਾ ਗੁਰੂ ਦੇ ਕੌਂਸਲਰ ਅਵਤਾਰ ਸਿੰਘ ਕਾਲਾ ਦੇ ਛੋਟੇ ਭਰਾ ਐਡਵੋਕੇਟ ਲਖਵਿੰਦਰ ਸਿੰਘ, ਜੋ ਕਿ ਆਪਣੀ ਕਾਰ ਆਈ-20 ਵਿਚ ਸਵਾਰ ਹੋ ਕੇ ਅੰਮ੍ਰਿਤਸਰ ਨੂੰ ਜਾ ਰਿਹਾ ਸੀ ਅਤੇ ਜਦੋਂ ਉਹ ਅਜੇ ਜੰਡਿਆਲਾ ਗੁਰੂ ਸ਼ਹਿਰ ਵਿਚ ਹੀ ਐਵਰ ਗਰੀਨ ਕਲੋਨੀ ਨੇੜੇ ਪੁੱਜਾ ਤਾਂ ਪਹਿਲਾਂ ਤੋਂ ਹੀ ਮੋਟਰਸਾਇਕਲ ’ਤੇ ਖੜੇ ਤਿੰਨ ਮੂੰਹ ਬੱਨ੍ਹੇ ਵਿਅਕਤੀਆਂ ਨੇ ਉਸ ’ਤੇ ਅੰਨ੍ਹੇਵਾਹ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ । ਇਸ ਫਾਇਰਿੰਗ ਵਿਚ ਵਕੀਲ ਲਖਵਿੰਦਰ ਸਿੰਘ ਦੇ ਦੋ ਗੋਲੀਆਂ ਵੱਜੀਆਂ ਦੱਸੀਆਂ ਜਾ ਰਹੀਆਂ ਹਨ ਅਤੇ ਉਹ ਫੱਟੜ ਹੋਣ ਦੇ ਬਾਵਜੂਦ ਵੀ ਗੱਡੀ ਨੂੰ ਭਜਾ ਕੇ ਅੱਗੇ ਲੈ ਗਿਆ ਪਰ ਗੋਲੀਆਂ ਵੱਜੀਆਂ ਹੋਣ ਕਾਰਨ ਗੱਡੀ ਲੜਖੜਾਉਂਦੀ ਹੋਈ ਇਕ ਸਾਈਕਲ ਸਵਾਰ ਵਿਚ ਜਾ ਵੱਜੀ ਤੇ ਉਸ ਉਪਰੰਤ ਦੁਕਾਨਾਂ ਦੇ ਸ਼ਟਰ ਵਿਚ ਜਾ ਵੱਜੀ, ਜਿਸ ਵਿਚ ਸਾਈਕਲ ਸਵਾਰ ਵੀ ਫੱਟੜ ਹੋ ਗਿਆ ।
ਕੌਂਸਲਰ ਅਵਤਾਰ ਸਿੰਘ ਕਾਲਾ ਨੇ ਦੱਸਿਆ ਕਿ ਉਨ੍ਹਾਂ ਦਾ ਭਰਾ ਤਾਂ ਅੰਮ੍ਰਿਤਸਰ ਨੂੰ ਆਪਣੀ ਡਿਊਟੀ ’ਤੇ ਜਾ ਰਿਹਾ ਸੀ ਅਤੇ ਸਾਡੀ ਕਿਸੇ ਨਾਲ ਵੀ ਕੋਈ ਵੀ ਦੁਸ਼ਮਣੀ ਨਹੀਂ ਹੈ, ਪਤਾ ਨਹੀਂ ਉਨ੍ਹਾਂ ਦੇ ਭਰਾ ’ਤੇ ਕਿਉਂ ਹਮਲਾ ਕੀਤਾ ਗਿਆ। ਥਾਣਾ ਜੰਡਿਆਲਾ ਗੁਰੂ ਦੇ ਐਸ. ਐਚ.ਓ. ਹਰਚੰਦ ਸਿੰਘ ਨੇ ਦੱਸਿਆ ਕਿ ਫੱਟੜ ਹੋਏ ਵਕੀਲ ਦੇ ਮੋਢੇ ਵਿਚ ਗੋਲੀ ਵੱਜੀ ਹੈ ।