ਵਿਧਾਇਕਾ ਬੀਬਾ ਗਨੀਵ ਕੌਰ ਮਜੀਠੀਆ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਨਤਮਸਤਕ

ਜੈਤੀਪੁਰ, ਕੱਥੂਨੰਗਲ, 21 ਜੁਲਾਈ (ਭੁਪਿੰਦਰ ਸਿੰਘ ਗਿੱਲ, ਦਲਵਿੰਦਰ ਸਿੰਘ ਰੰਧਾਵਾ)-ਧੰਨ ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਅਸਥਾਨ ਕੱਥੂਨੰਗਲ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਧਰਮ ਪਤਨੀ ਹਲਕਾ ਮਜੀਠਾ ਤੋਂ ਵਿਧਾਇਕਾ ਬੀਬਾ ਗਨੀਵ ਕੌਰ ਮਜੀਠੀਆ ਨੇ ਬਿਕਰਮ ਸਿੰਘ ਮਜੀਠੀਆ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ। ਉਨ੍ਹਾਂ ਦੇ ਨਾਲ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਦੇ ਧਰਮ ਪਤਨੀ ਡਾ. ਸਤਿੰਦਰ ਕੌਰ ਗਿੱਲ ਮਜੀਠੀਆ, ਜਗਰੂਪ ਕੌਰ ਕੱਥੂਨੰਗਲ ਖੁਰਦ ਸਨ।
ਇਸ ਮੌਕੇ ਗੱਲਬਾਤ ਕਰਦਿਆਂ ਬੀਬਾ ਗਨੀਵ ਕੌਰ ਮਜੀਠੀਆ ਨੇ ਕਿਹਾ ਕਿ ਸਾਨੂੰ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਉਪਰ ਪੂਰਨ ਵਿਸ਼ਵਾਸ ਹੈ ਕਿ ਉਹ ਆਪਣੇ ਦਾਸ ਦੀ ਅਰਦਾਸ ਬੇਨਤੀ ਨੂੰ ਸਵੀਕਾਰ ਕਰਕੇ ਮਜੀਠੀਆ ਪਰਿਵਾਰ ਨੂੰ ਇਸ ਹੱਕ ਸੱਚ ਦੀ ਲੜਾਈ ਵਿਚੋਂ ਜਿੱਤ ਹਾਸਲ ਕਰਵਾਉਣਗੇ। ਹਲਕਾ ਮਜੀਠਾ ਦੀਆਂ ਮਾਤਾਵਾਂ ਭੈਣਾਂ ਦੀਆਂ ਕੀਤੀਆਂ ਜਾ ਰਹੀਆਂ ਅਰਦਾਸਾਂ ਸਾਡੇ ਨਾਲ ਹਨ। ਇਸ ਦੌਰਾਨ ਉਨ੍ਹਾਂ ਨਾਲ ਪੀ. ਏ. ਲਖਬੀਰ ਸਿੰਘ ਗਿੱਲ, ਐਡਵੋਕੇਟ ਰਕੇਸ਼ ਪ੍ਰਾਸਰ, ਸਰਪੰਚ ਸੁਖਦੀਪ ਸਿੰਘ ਦੀਪੀ, ਜਸਪਾਲ ਸਿੰਘ ਭੋਆ, ਮੈਨੇਜਰ ਜਗਰੂਪ ਸਿੰਘ ਮਜੀਠਾ, ਨਵਜਿੰਦਰ ਸਿੰਘ, ਅਰਬਿੰਦਰ ਸਿੰਘ ਸਹਿਣੇਵਾਲੀ, ਪ੍ਰਭਪਾਲ ਸਿੰਘ ਝੰਡੇ, ਜਥੇ. ਗੁਰਮੀਤ ਸਿੰਘ ਸਹਿਣੇਵਾਲੀ, ਜਸਵੰਤ ਸਿੰਘ ਹਾਜ਼ਰ ਸਨ।