ਅਹਿਮਦਾਬਾਦ ਜਹਾਜ਼ ਹਾਦਸਾ: ਮਾਰੇ ਗਏ ਮੈਡੀਕਲ ਵਿਦਿਆਰਥੀਆਂ ਲਈ ਕੀ ਕੀਤਾ? - ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਚੁੱਕਿਆ ਮੁੱਦਾ

ਨਵੀਂ ਦਿੱਲੀ, 21 ਜੁਲਾਈ - - ਅਹਿਮਦਾਬਾਦ ਜਹਾਜ਼ ਹਾਦਸੇ 'ਚ ਮਾਰੇ ਗਏ ਲੋਕਾਂ ਦੇ ਪਰਿਵਾਰ ਨਾਲ ਕਿਸੇ ਤਰ੍ਹਾਂ ਦਾ ਪੱਖਪਾਤ ਨਹੀਂ ਕੀਤਾ ਗਿਆ ਹੈ।ਹਾਦਸੇ 'ਚ ਮਾਰੀਆਂ ਗਈਆਂ ਸਵਾਰੀਆਂ ਨੂੰ ਜਿੰਨਾ ਮੁਆਵਜ਼ਾ ਦਿੱਤਾ ਗਿਆ ਹੈ, ਉੰਨਾ ਹੀ ਮੁਆਵਜ਼ਾ ਬੀ.ਜੇ. ਮੈਡੀਕਲ ਕਾਲਜ ਦੇ ਮ੍ਰਿਤ ਵਿਦਿਆਰਥੀਆਂ ਦੇ ਪਰਿਵਾਰਾਂ ਨੂੰ ਵੀ ਦਿੱਤਾ ਗਿਆ ਹੈ।ਇਹ ਕਹਿਣਾ ਸੀ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਕਿੰਜਰਾਪੂਰਾਮ ਮੋਹਨ ਨਾਇਡੂ ਦਾ।ਉਨ੍ਹਾਂ ਨੇ ਇਹ ਗੱਲਾਂ ਰਾਜ ਸਭਾ ਦੇ ਮੌਨਸੂਨ ਇਜਲਾਸ ਦੌਰਾਨ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਤੇ ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਵਲੋਂ ਪੁੱਛੇ ਗਏ ਸਵਾਲ ਦੇ ਜਵਾਬ 'ਚ ਕਹੀਆਂ।ਮੌਨਸੂਨ ਇਜਲਾਸ ਦੇ ਪਹਿਲੇ ਦਿਨ ਸ. ਸੰਧੂ ਨੇ ਉੱਚ ਸਦਨ 'ਚ ਇਹ ਸਵਾਲ ਉਠਾਇਆ ਸੀ ਕਿ ਜਿਸ ਤਰ੍ਹਾਂ ਕੇਂਦਰ ਸਰਕਾਰ ਨੇ ਅਹਿਮਾਦਬਾਦ ਜਹਾਜ਼ ਹਾਦਸੇ 'ਚ ਮਾਰੀਆਂ ਗਈਆਂ ਸਵਾਰੀਆਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਹੈ, ਕੀ ਇਸ ਹਾਦਸੇ 'ਚ ਮਾਰੇ ਗਏ ਬੀ ਜੇ ਮੈਡੀਕਲ ਕਾਲਜ ਦੇ ਵਿਦਿਆਰਥੀਆਂ ਦੇ ਪਰਿਵਾਰ ਨੂੰ ਵੀ ਮੁਆਵਜ਼ਾ ਮਿਲਿਆ ਹੈ? ਇਨ੍ਹਾਂ ਵਿਦਿਆਰਥੀਆਂ ਦੇ ਪਰਿਵਾਰ ਇਸ ਸਮੇਂ ਜਿਹੜੀ ਮਾਨਸਿਕ ਸਥਿਤੀ ਵਿਚੋਂ ਲੰਘ ਰਹੇ ਹਨ, ਕੀ ਉਸ ਦੇ ਲਈ ਉੇਨ੍ਹਾਂ ਨੂੰ ਕੋਈ ਮੈਡੀਕਲ ਸਹੂਲਤ ਉਪਲਬਧ ਕਰਵਾਈ ਗਈ ਹੈ।
ਇਸ ਦੇ ਜਵਾਬ 'ਚ ਕੇਂਦਰੀ ਮੰਤਰੀ ਨੇ ਕਿਹਾ, ''ਏਅਰ ਇੰਡੀਆ ਤੇ ਕੇਂਦਰ ਸਰਕਾਰ ਵਲੋਂ ਜਹਾਜ਼ ਦੇ ਅੰਦਰ ਤੇ ਬਾਹਰ ਮਾਰੇ ਗਏ ਲੋਕਾਂ ਵਿਚਾਲੇ ਕੋਈ ਫ਼ਰਕ ਨਹੀਂ ਕੀਤਾ ਗਿਆ।ਸ਼ੁਰੂਆਤ ਤੋਂ ਹੀ ਸਰਕਾਰ ਨੇ ਜਹਾਜ਼ ਹਾਦਸੇ 'ਚ ਮਾਰੀਆਂ ਗਈਆਂ ਸਵਾਰੀਆਂ ਤੇ ਮੈਡੀਕਲ ਕਾਲਜ ਦੇ ਵਿਦਿਆਰਥੀਆਂ ਦਾ ਧਿਆਨ ਰੱਖਿਆ ਹੈ।ਪੀੜਤ ਭਾਵੇਂ ਜਹਾਜ਼ ਦੇ ਅੰਦਰ ਮਾਰੇ ਗਏ ਜਾਂ ਬਾਹਰ, ਸਰਕਾਰ ਨੇ ਦਰਦਨਾਕ ਹਾਦਸੇ 'ਚ ਮਾਰੇ ਗਏ ਹਰ ਪਰਿਵਾਰ ਨੂੰ ਹਰ ਸੰਭਵ ਮਦਦ ਮੁਹੱਈਆ ਕਰਾਉਣ ਦੀ ਕੋਸ਼ਿਸ਼ ਕੀਤੀ ਹੈ।