JALANDHAR WEATHER

ਅੰਮ੍ਰਿਤਸਰ ਦਿਹਾਤੀ ਪੁਲਿਸ ਵਲੋਂ ਫਰਾਂਸ ਤੇ ਪਾਕਿਸਤਾਨ ਆਧਾਰਿਤ ਹਥਿਆਰ ਤਸਕਰੀ ਗਰੋਹ ਦਾ ਪਰਦਾਫਾਸ਼

ਚੋਗਾਵਾਂ/ਅੰਮ੍ਰਿਤਸਰ, 21 ਜੁਲਾਈ (ਗੁਰਵਿੰਦਰ ਸਿੰਘ ਕਲਸੀ)-ਪੁਲਿਸ ਦੇ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਅਨੁਸਾਰ ਡੀ.ਐਸ.ਪੀ. ਇੰਦਰਜੀਤ ਸਿੰਘ ਰਾਜਾਸਾਂਸੀ ਦੀ ਅਗਵਾਈ ਹੇਠ ਸਪੈਸ਼ਲ ਸੈੱਲ, ਅੰਮ੍ਰਿਤਸਰ ਦਿਹਾਤੀ ਵਲੋਂ ਇਕ ਵੱਡੀ ਕਾਮਯਾਬੀ ਹਾਸਲ ਕਰਦਿਆਂ ਫਰਾਂਸ ਅਤੇ ਪਾਕਿਸਤਾਨ ਆਧਾਰਿਤ ਹਥਿਆਰ ਤਸਕਰੀ ਗਰੋਹ ਨੂੰ ਬੇਨਕਾਬ ਕਰਕੇ ਪਿਸਤੌਲ ਅਤੇ ਜ਼ਿੰਦਾ ਰੌਂਦ ਸਮੇਤ 4 ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਇਸ ਸਬੰਧੀ ਡੀ.ਐਸ.ਪੀ.  ਇੰਦਰਜੀਤ ਸਿੰਘ ਰਾਜਾਸਾਂਸੀ ਨੇ ਦੱਸਿਆ ਕਿ ਸਪੈਸ਼ਲ ਸੈੱਲ ਦੇ ਏ.ਐਸ.ਆਈ. ਤਰਸੇਮ ਸਿੰਘ ਤੇ ਪੁਲਿਸ ਪਾਰਟੀ ਵਲੋਂ ਪਿੰਡ ਪੰਡੋਰੀ ਵਿਖੇ ਨਾਕੇਬੰਦੀ ਦੌਰਾਨ ਸਵਰਾਜ ਪੁੱਤਰ ਸਰਫ਼ਰਾਜ਼, ਨਿਵਾਸੀ ਮੁਹੱਲਾ ਗੁਰੂ ਕਾ ਖੂਹ, ਤਰਨਤਾਰਨ, ਅਰਸ਼ਦੀਪ ਸਿੰਘ ਪੁੱਤਰ ਰਾਜ ਸਿੰਘ, ਨਿਵਾਸੀ ਮਸਤਗੜ੍ਹ, ਤਰਨਤਾਰਨ, ਗੁਲਾਬ ਸਿੰਘ ਪੁੱਤਰ ਜਗਤਾਰ ਸਿੰਘ, ਨਿਵਾਸੀ ਚੁਸਲੇਵਾਰ, ਤਰਨਤਾਰਨ ਅਤੇ ਗੌਰਵ ਪੁੱਤਰ ਮਨਜੀਤ ਸਿੰਘ, ਨਿਵਾਸੀ ਮੁਹੱਲਾ ਗੁਰੂ ਕਾ ਖੂਹ, ਤਰਨਤਾਰਨ ਨੂੰ 4 ਪਿਸਤੌਲ, 10 ਜ਼ਿੰਦਾ ਰੌਂਦ, ਤਿੰਨ ਫੋਨ ਤੇ ਇਕ ਐਕਟਿਵਾ ਸਕੂਟਰ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਦੋਸ਼ੀ ਵਟਸਐਪ ਰਾਹੀਂ ਪਾਕਿਸਤਾਨ ਅਤੇ ਫਰਾਂਸ ਆਧਾਰਿਤ ਹਥਿਆਰ ਤਸਕਰਾਂ ਨਾਲ ਸਿੱਧੇ ਸੰਪਰਕ ਵਿਚ ਸਨ। ਸਾਰੇ ਦੋਸ਼ੀ ਫਰਾਂਸ ਵਿਚ ਬੈਠੇ 'ਗੋਪੀ' (ਨਿਵਾਸੀ ਡੇਰਾ ਬਾਬਾ ਨਾਨਕ) ਦੇ ਕਹਿਣ ਉਤੇ ਤਸਕਰੀ ਕਰ ਰਕੇ ਸਨ। ਇਹ ਹਥਿਆਰਾਂ ਦੀ ਖੇਪ ਪਾਕਿਸਤਾਨ ਵਲੋਂ ਡਰੋਨ ਰਾਹੀਂ ਭਾਰਤ 'ਚ ਭੇਜੀ ਗਈ ਸੀ। ਇਸ ਸਬੰਧ ਵਿਚ ਉਕਤ ਦੋਸ਼ੀਆਂ ਖਿਲਾਫ ਥਾਣਾ ਲੋਪੋਕੇ ਵਿਖੇ ਅਸਲਾ ਐਕਟ ਦੀਆਂ ਵੱਖ-ਵੱਖ ਧਾਰਾਵਾਂ ਹੇਠ ਐਫ.ਆਈ.ਆਰ. ਦਰਜ ਕੀਤੀ ਜਾ ਰਹੀ ਹੈ। ਉਕਤ ਦੋਸ਼ੀਆਂ ਦੇ ਫਾਰਵਰਡ ਅਤੇ ਬੈਕਵਰਡ ਲਿੰਕਾਂ ਨੂੰ ਚੰਗੀ ਤਰ੍ਹਾਂ ਖੰਘਾਲਿਆ ਜਾ ਰਿਹਾ ਹੈ ਅਤੇ ਹੋਰ ਜਿਸ ਕਿਸੇ ਦੀ ਵੀ ਸ਼ਮੂਲੀਅਤ ਸਾਹਮਣੇ ਆਵੇਗੀ, ਉਸ ਖਿਲਾਫ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ