ਸ੍ਰੀ ਹਰਿਮੰਦਰ ਸਾਹਿਬ ਵਿਖੇ ਧਮਕੀ ਭਰੀਆਂ ਈ.ਮੇਲ ਭੇਜਣ ਵਾਲੇ ਦੋਸ਼ੀਆਂ ਦੇ ਨੇੜੇ ਪਹੁੰਚ ਚੁੱਕੇ ਹਾਂ- ਮੁੱਖ ਮੰਤਰੀ

ਅੰਮ੍ਰਿਤਸਰ, 22 ਜੁਲਾਈ (ਜਸਵੰਤ ਸਿੰਘ ਜੱਸ/ਸੁਰਿੰਦਰਪਾਲ ਸਿੰਘ ਵਰਪਾਲ)- ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਵਿਖੇ ਧਮਕੀ ਭਰੀਆਂ ਈ.ਮੇਲ ਭੇਜਣ ਵਾਲੇ ਦੋਸ਼ੀ ਦੇ ਆਈ.ਪੀ. ਐਡਰੈਸ ਰਾਹੀਂ ਕਾਫ਼ੀ ਕਰੀਬ ਪਹੁੰਚ ਚੁੱਕੇ ਹਾਂ ਤੇ ਜਲਦੀ ਹੀ ਸੰਬੰਧਿਤ ਕੰਪਨੀਆਂ ਤੋਂ ਕਨਫਰਮੇਸ਼ਨ ਲੈ ਕੇ ਉਸ ਨੂੰ ਹਿਰਾਸਤ ਵਿਚ ਲੈਣ ਤੋਂ ਬਾਅਦ ਜਾਣਕਾਰੀ ਸਾਂਝੀ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਇਸ ਸੰਬੰਧੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਅਧਿਕਾਰੀਆਂ ਨਾਲ ਵੀ ਮੁਲਾਕਾਤ ਕਰਕੇ ਜਾਣਕਾਰੀ ਹਾਸਿਲ ਕੀਤੀ ਹੈ ਅਤੇ ਉਨ੍ਹਾਂ ਨੂੰ ਕਿਹਾ ਹੈ ਕਿ ਜੇਕਰ ਉਨ੍ਹਾਂ ਕੋਲ ਕੋਈ ਇਸ ਸੰਬੰਧੀ ਸੂਚਨਾ ਆਉਂਦੀ ਹੈ ਤਾਂ ਉਹ ਸਰਕਾਰ ਨਾਲ ਸਾਂਝੀ ਕਰਨ ਤੇ ਜੋ ਵੀ ਸਰਕਾਰ ਕੋਲ ਜਾਣਕਾਰੀ ਹੋਈ ਉਹ ਸ਼੍ਰੋਮਣੀ ਕਮੇਟੀ ਨਾਲ ਸਾਂਝੀ ਕੀਤੀ ਜਾਏਗੀ। ਉਨ੍ਹਾਂ ਕਿਹਾ ਕਿ ਕਿਉਂਕਿ ਇਹ ਉੱਚ ਸੁੱਰਖਿਆ ਪੱਧਰੀ ਮਾਮਲਾ ਹੈ, ਇਸ ਕਰਕੇ ਮੈਂ ਇਸ ਤੋਂ ਜ਼ਿਆਦਾ ਨਹੀਂ ਦੱਸ ਸਕਦਾ ਜਦੋਂ ਹੀ ਸਾਡੇ ਕੋਲ ਕੋਈ ਪੁਖਤਾ ਸਬੂਤ ਆਏ ਤੇ ਉਹਨਾਂ ਦੋਸ਼ੀਆਂ ਨੂੰ ਹਿਰਾਸਤ ਵਿਚ ਲੈ ਲਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਤੇ ਬਾਹਰ ਸਿਵਲ ਵਰਦੀ ਵਿਚ ਪੁਲਿਸ ਦੇ ਅਧਿਕਾਰੀ ਅਤੇ ਕਰਮਚਾਰੀ ਪਹਿਲਾਂ ਹੀ ਤਾਇਨਾਤ ਹਨ ਅਤੇ ਲੋੜ ਪੈਣ ’ਤੇ ਅੰਮ੍ਰਿਤਸਰ ਸ਼ਹਿਰ ਦੇ ਵਿਚ ਵੀ ਹੋਰ ਸੁਰੱਖਿਆ ਵਧਾਈ ਜਾਵੇਗੀ ਪਰ ਕਿਸੇ ਵੀ ਸ਼ਰਧਾਲੂ ਜਾਂ ਇੱਥੇ ਦਰਸ਼ਨ ਕਰਨ ਆਏ ਯਾਤਰੂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੈਨੂੰ ਉਮੀਦ ਹੈ ਕਿ ਬੜੀ ਜਲਦੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।