ਪ੍ਰੀਤ ਨਗਰ ’ਚ ਬਾਲੀਵੁੱਡ ਦੀ ਵੱਡੀ ਫ਼ਿਲਮ ਬਾਰਡਰ-2 ਦੀ ਸ਼ੂਟਿੰਗ ਹੋਈ

ਚੋਗਾਵਾਂ, (ਅੰਮ੍ਰਿਤਸਰ), 23 ਜੁਲਾਈ (ਗੁਰਵਿੰਦਰ ਸਿੰਘ ਕਲਸੀ)- ਪੰਜਾਬੀ ਸਾਹਿਤ ਦੇ ਮੱਕਾ ਵਜੋਂ ਜਾਣੀ ਜਾਂਦੀ ਪ੍ਰੀਤ ਨਗਰ ਦੀ ਧਰਤੀ ’ਤੇ ਬਾਲੀਵੁੱਡ ਦੀ ਵੱਡੀ ਫ਼ਿਲਮ ਬਾਰਡਰ-2 ਦੀ ਸ਼ੂਟਿੰਗ ਸ਼ੁਰੂ ਹੋਈ, ਜਿਸ ਦਾ ਨਿਰਦੇਸ਼ਨ ਫਿਲਮਕਾਰ ਅਨੁਰਾਗ ਸਿੰਘ ਕਰ ਰਹੇ ਹਨ। ਜੇ. ਪੀ. ਦੱਤਾ ਦੇ ਜੇ. ਪੀ. ਫ਼ਿਲਮਜ਼ ਦੇ ਸੰਯੁਕਤ ਨਿਰਮਾਣ ਅਧੀਨ ਵਜੂਦ ਵਿਚ ਲਿਆਂਦੀ ਜਾ ਰਹੀ ਇਸ ਵੱਡੀ ਫ਼ਿਲਮ ਦੇ ਨਿਰਮਾਤਾਵਾਂ ’ਚ ਭੂਸ਼ਨ ਕੁਮਾਰ, ਕ੍ਰਿਸ਼ਨ ਕੁਮਾਰ, ਜੇ.ਪੀ. ਦੱਤਾ ਅਤੇ ਨਿੱਧੀ ਦੱਤਾ ਸ਼ੁਮਾਰ ਹਨ।
‘ਟੀ- ਸੀਰੀਜ਼’ ਦੁਆਰਾ ਪੇਸ਼ ਕੀਤੀ ਜਾ ਰਹੀ ਇਸ ਫ਼ਿਲਮ ਵਿਚ ਸਨੀ ਦਿਓਲ, ਵਰੁਣ ਧਵਨ, ਦਿਲਜੀਤ ਦੁਸਾਂਝ ਅਤੇ ਅਹਾਨ ਸੈਟੀ ਮੁੱਖ ਭੂਮਿਕਾਵਾਂ ’ਚ ਹਨ। ਪ੍ਰੀਤ ਨਗਰ ਵਿਖੇ ਵਿਆਹ ਦਾ ਸ਼ੂਟ ਫਿਲਮਾਇਆ ਜਾ ਰਿਹਾ ਹੈ। ਇਸ ਦੌਰਾਨ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਹੋਏ ਹਨ ਤੇ ਫੋਟੋ ਖਿੱਚਣ ਦੀ ਮਨਾਹੀ ਹੈ। ਇਹ ਫ਼ਿਲਮ ਅਣ-ਦੇਖੀ ਐਕਸ਼ਨ ਅਤੇ ਦੇਸ਼ ਭਗਤੀ ਦਾ ਵਾਅਦਾ ਕਰਦੀ ਹੈ। 23 ਜਨਵਰੀ 2026 ਨੂੰ ਸਿਨੇਮਾ ਘਰਾਂ ਵਿਚ ਇਹ ਫ਼ਿਲਮ ਰਿਲੀਜ਼ ਹੋਵੇਗੀ।