ਮਹਿਲ ਕਲਾਂ : ਭਾਂਡੇ ਵੇਚਣ ਬਹਾਨੇ ਔਰਤ ਨੇ ਨਸ਼ੀਲੀ ਵਸਤੂ ਸੁੰਘਾ ਕੇ ਸੋਨੇ-ਚਾਂਦੀ ਦੇ ਗਹਿਣੇ ਕੀਤੇ ਚੋਰੀ

ਮਹਿਲ ਕਲਾਂ, 23 ਜੁਲਾਈ (ਅਵਤਾਰ ਸਿੰਘ ਅਣਖੀ)-ਮਹਿਲ ਕਲਾਂ ਵਿਖੇ ਨਵੇਂ ਭਾਂਡੇ ਵੇਚਣ ਦੀ ਆੜ ਹੇਠ ਇਕ ਔਰਤ ਵਲੋਂ ਘਰ ਦੇ ਮੈਂਬਰਾਂ ਨੂੰ ਨਸ਼ੀਲੀ ਚੀਜ਼ ਸੁੰਘਾ ਕੇ ਸੋਨੇ-ਚਾਂਦੀ ਦੇ ਗਹਿਣੇ ਚੋਰੀ ਕਰਕੇ ਫਰਾਰ ਹੋ ਜਾਣ ਦੀ ਖਬਰ ਮਿਲੀ ਹੈ। ਪੀੜਤ ਰਵਿੰਦਰ ਕੁਮਾਰ ਪੁੱਤਰ ਬਲਵਿੰਦਰ ਕੁਮਾਰ ਮਹਿਲ ਕਲਾਂ ਨੇ ਦੱਸਿਆ ਕਿ ਦੁਪਹਿਰ ਲਗਭਗ 2 ਵਜੇ ਦੇ ਕਰੀਬ ਇਕ ਔਰਤ ਨਵੇਂ ਭਾਂਡੇ ਵੇਚਣ ਦੇ ਬਹਾਨੇ ਘਰ 'ਚ ਦਾਖਲ ਹੋਈ। ਉਸ ਨੇ ਮੇਰੇ ਮਾਤਾ ਲਾਜਵੰਤੀ ਤੇ ਪਿਤਾ ਬਲਵਿੰਦਰ ਕੁਮਾਰ ਨੂੰ ਕੋਈ ਨਸ਼ੀਲੀ ਵਸਤੂ ਸੁੰਘਾ ਕੇ ਬੇਹੋਸ਼ ਕਰ ਦਿੱਤਾ।
ਮੌਕੇ ਦਾ ਫਾਇਦਾ ਚੁੱਕਦਿਆਂ ਘਰ ਵਿਚੋਂ ਫਰੋਲਾ-ਫਰਾਲੀ ਕਰਕੇ ਡੇਢ ਤੋਲੇ ਸੋਨੇ ਦੇ ਗਹਿਣੇ, 8 ਤੋਲੇ ਚਾਂਦੀ ਦਾ ਕੜਾ, 4.5 ਤੋਲੇ ਦੀਆਂ ਪੰਜੇਬਾਂ, 6 ਤੋਲੇ ਦੀਆਂ ਚਾਂਦੀ ਦੀਆਂ ਚੂੜੀਆਂ ਆਦਿ ਲੈ ਕੇ ਫਰਾਰ ਹੋ ਗਈ। ਰਵਿੰਦਰ ਕੁਮਾਰ ਨੇ ਦੱਸਿਆ ਕਿ ਘਟਨਾ ਦੇ ਸਮੇਂ ਉਹ ਤੇ ਉਸ ਦਾ ਵੱਡਾ ਭਰਾ ਕੰਮ ਉਤੇ ਗਏ ਹੋਏ ਸਨ। ਉਨ੍ਹਾਂ ਮੰਗ ਕੀਤੀ ਕਿ ਇਸ ਔਰਤ ਦੀ ਤੁਰੰਤ ਪਛਾਣ ਕਰਕੇ ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਚੋਰੀ ਦੀ ਘਟਨਾ ਸਬੰਧੀ ਵਰਿੰਦਰ ਕੁਮਾਰ ਗੋਲਡੀ ਵਲੋਂ ਪੁਲਿਸ ਥਾਣਾ ਮਹਿਲ ਕਲਾਂ ਵਿਖੇ ਸੂਚਨਾ ਦਿੱਤੀ ਗਈ ਹੈ।