ਬੇਜ਼ੁਬਾਨ ਪਸ਼ੂ 'ਚ ਵੱਜਣ ਨਾਲ ਵਿਅਕਤੀ ਹੋਇਆ ਗੰਭੀਰ ਜ਼ਖਮੀ

ਗੁਰੂ ਹਰ ਸਹਾਏ, 23 ਜੁਲਾਈ (ਕਪਿਲ ਕੰਧਾਰੀ)-ਗੁਰੂ ਹਰ ਸਹਾਏ ਦੇ ਫਰੀਦਕੋਟ ਰੋਡ ਉਤੇ ਬਣੇ ਬਿਜਲੀ ਦਫਤਰ ਕੋਲ ਇਕ ਮੋਟਰਸਾਈਕਲ ਸਵਾਰ ਵਿਅਕਤੀ ਬੇਜ਼ੁਬਾਨ ਪਸ਼ੂ ਵਿਚ ਵੱਜਣ ਨਾਲ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਹੈ। ਜਾਣਕਾਰੀ ਅਨੁਸਾਰ ਲਵਪ੍ਰੀਤ ਪੁੱਤਰ ਸ਼ੁਬੇਗ ਸਿੰਘ ਜੋ ਕਿ ਬਸਤੀ ਕੇਸਰ ਸਿੰਘ ਵਾਲੀ ਦਾ ਰਹਿਣ ਵਾਲਾ ਸੀ ਅਤੇ ਮਿਹਨਤ-ਮਜ਼ਦੂਰੀ ਦਾ ਕੰਮ ਕਰਦਾ ਸੀ ਅਤੇ ਆਪਣੇ ਕੰਮਕਾਜ ਨੂੰ ਖਤਮ ਕਰਕੇ ਆਪਣੇ ਪਿੰਡ ਵੱਲ ਜਾ ਰਿਹਾ ਸੀ ਜਦੋਂ ਬਿਜਲੀ ਦਫਤਰ ਕੋਲ ਪਹੁੰਚਿਆ ਤਾਂ ਇਸ ਦਾ ਮੋਟਰਸਾਈਕਲ ਬੇਜ਼ੁਬਾਨ ਪਸ਼ੂ ਵਿਚ ਜਾ ਕੇ ਵੱਜਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਵਿਅਕਤੀ ਇਕਦਮ ਜ਼ਮੀਨ ਉਤੇ ਜਾ ਡਿੱਗਿਆ ਅਤੇ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ, ਜਿਸ ਨੂੰ ਉਥੋਂ ਲੰਘਦੇ ਲੋਕਾਂ ਵਲੋਂ ਇਲਾਜ ਲਈ ਸੀ.ਐਚ.ਸੀ. ਹਸਪਤਾਲ ਗੁਰੂ ਹਰ ਸਹਾਏ ਵਿਖੇ ਲਿਆਂਦਾ ਗਿਆ ਜਿਥੇ ਇਸ ਦੀ ਹਾਲਤ ਨੂੰ ਨਾਜ਼ੁਕ ਦੇਖਦਿਆਂ ਫਰੀਦਕੋਟ ਦੇ ਮੈਡੀਕਲ ਕਾਲਜ ਵਿਖੇ ਰੈਫਰ ਕਰ ਦਿੱਤਾ ਗਿਆ ਹੈ। ਮੌਕੇ ਉਤੇ ਮੌਜੂਦ ਸਟਾਫ ਹਨੂ ਤਿਵਾੜੀ ਨੇ ਕਿਹਾ ਕਿ ਵਿਅਕਤੀ ਦੀ ਹਾਲਤ ਬਹੁਤ ਗੰਭੀਰ ਸੀ ਅਤੇ ਉਹ ਬੇਹੋਸ਼ ਸੀ।