ਕਿਸਾਨ ਮਜ਼ਦੂਰ ਮੋਰਚਾ 28 ਨੂੰ ਪੰਜਾਬ ਦੇ ਸਾਰੇ ਪ੍ਰਬੰਧਕੀ ਦਫਤਰਾਂ ਨੂੰ ਲੈਂਡ ਪੂਲਿੰਗ ਨੀਤੀ ਵਿਰੁੱਧ ਸੌਂਪੇਗਾ ਮੰਗ-ਪੱਤਰ
ਚੰਡੀਗੜ੍ਹ, 23 ਜੁਲਾਈ (ਅਜਾਇਬ ਔਜਲਾ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਇਕ ਮੀਟਿੰਗ ਅੱਜ ਚੰਡੀਗੜ੍ਹ ਦੇ ਕਿਸਾਨ ਭਵਨ ਵਿਖੇ ਹੋਈ। ਪ੍ਰਮੁੱਖ ਕਿਸਾਨ ਆਗੂ ਸਰਵਣ ਸਿੰਘ ਪੰਧੇਰ, ਮਨਜੀਤ ਸਿੰਘ ਰਾਏ ਅਤੇ ਹੋਰ ਆਗੂਆਂ ਦਰਮਿਆਨ ਇਸ ਇਕੱਤਰਤਾ ਵਿਚ ਕਿਸਾਨਾਂ ਨਾਲ ਸੰਬੰਧਿਤ ਕਈ ਮੁੱਦਿਆਂ ਉਤੇ ਵਿਸ਼ੇਸ਼ ਵਿਚਾਰ-ਚਰਚਾ ਹੋਈ। ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਨ੍ਹਾਂ ਕਿਸਾਨ ਆਗੂਆਂ ਨੇ ਕਿਹਾ ਕਿ ਇਸ ਸਮੇਂ ਪੰਜਾਬ ਵਿਚ ਭਖਦਾ ਮੁੱਦਾ ਜੋ ਕਿ ਕਿਸਾਨਾਂ ਉਤੇ ਭਾਰੀ ਪੈਣ ਜਾ ਰਿਹਾ ਹੈ, ਉਹ ਹੈ ਪੰਜਾਬ ਦੀ ਲੈਂਡ ਪੂਲਿੰਗ ਨੀਤੀ ਦੇ ਨਾਲ-ਨਾਲ ਅਮਰੀਕਾ ਨਾਲ ਵਪਾਰਕ ਸਮਝੌਤੇ, ਬਿਜਲੀ ਨਿੱਜੀਕਰਨ ਆਦਿ ਪ੍ਰਤੀ ਸਰਕਾਰ ਦੀ ਕੜੀ ਆਲੋਚਨਾ ਕਰਦਿਆਂ ਸਰਕਾਰ ਨੂੰ ਕਿਸਾਨਾਂ ਦੇ ਹੱਕ ਵਿਚ ਖੜ੍ਹੇ ਹੋਣ ਦੀ ਅਪੀਲ ਵੀ ਕੀਤੀ।
ਕਿਸਾਨ ਮਜ਼ਦੂਰ ਮੋਰਚੇ ਵਲੋਂ ਆਪਣੀਆਂ ਮੰਗਾਂ ਪ੍ਰਤੀ ਕਿਹਾ ਕਿ 28 ਜੁਲਾਈ ਨੂੰ ਪੂਰੇ ਪੰਜਾਬ ਵਿਚ ਡਿਪਟੀ ਕਮਿਸ਼ਨਰਾਂ ਨੂੰ ਮੰਗ-ਪੱਤਰ ਦਿੱਤੇ ਜਾਣਗੇ। 30 ਜੁਲਾਈ ਨੂੰ ਐਸ.ਕੇ.ਐਮ. ਦੇ ਟ੍ਰੈਕਟਰ ਮਾਰਚ ਦਾ ਸਮਰਥਨ ਕੀਤਾ ਜਾਵੇਗਾ ਤੇ 26 ਅਗਸਤ ਨੂੰ ਐਸ.ਕੇ.ਐਮ. ਨਾਲ ਬੈਠਕ ਵਿਚ ਇਕੱਠੇ ਸੰਘਰਸ਼ ਕਰਨ ਦੀ ਰਣਨੀਤੀ ਬਣਾਈ ਜਾਵੇਗੀ। ਐਸ.ਕੇ.ਐਮ. ਮੋਰਚੇ ਨਾਲ ਏਕਤੇ ਉਤੇ ਚਰਚਾ ਹੋਵੇਗੀ। ਬੈਠਕ ਵਿਚ ਕਈ ਮਤੇ ਜਿਵੇਂ ਭਾਰਤ-ਅਮਰੀਕਾ ਮੁਕਤ ਵਪਾਰ ਸਮਝੌਤਾ ਨੂੰ ਰੱਦ, ਮੰਡੀਕਰਨ ਨੂੰ ਮਜ਼ਬੂਤ ਕਰਨਾ, ਕੌਮੀ ਇਨਸਾਫ਼ ਮੋਰਚੇ ਦਾ ਸਮਰਥਨ ਪ੍ਰੋਗਰਾਮ ਆਦਿ ਹਨ ਤੇ ਆਗੂਆਂ ਦਾ ਇਹ ਵੀ ਕਹਿਣਾ ਹੈ ਕਿ ਅੱਜ ਮੌਲਿਕ ਅਧਿਕਾਰ ਬਣ ਚੁੱਕੀ ਬਿਜਲੀ ਆਰਥਿਕਤਾ ਦੀ ਮਾਰ ਚੱਲ ਰਹੇ ਪਰਿਵਾਰਾਂ ਦੇ ਵਸੋਂ ਬਾਹਰ ਹੋ ਜਾਵੇਗੀ। ਇਸ ਦੌਰਾਨ ਇਨ੍ਹਾਂ ਆਗੂਆਂ ਨੇ ਇਹ ਵੀ ਖੁਲਾਸਾ ਕੀਤਾ ਕਿ 'ਜ਼ਮੀਨ ਬਚਾਓ, ਪਿੰਡ ਬਚਾਓ ਤੇ ਪੰਜਾਬ ਬਚਾਓ ਰੈਲੀ ਜਲੰਧਰ ਵਿਖੇ 20 ਅਗਸਤ ਨੂੰ ਕੀਤੀ ਜਾਵੇਗਾ।