ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਇੰਗਲੈਂਡ ਨੂੰ ਉਸ ਦੀ ਹੀ ਧਰਤੀ 'ਤੇ ਤੀਜੇ ਵਨਡੇ 'ਚ ਹਰਾ ਕੇ ਜਿੱਤੀ ਲੜੀ

ਡਰਹਮ, 23 ਜੁਲਾਈ - ਭਾਰਤ ਅਤੇ ਇੰਗਲੈਂਡ ਦੀਆਂ ਮਹਿਲਾ ਕ੍ਰਿਕਟ ਟੀਮਾਂ ਵਿਚਕਾਰ ਖੇਡੀ ਗਈ ਤਿੰਨ ਮੈਚਾਂ ਦੀ ਇਕ ਰੋਜ਼ਾ ਲੜੀ ਦੇ ਤੀਜੇ ਤੇ ਆਖ਼ਰੀ ਮੈਚ ਵਿਚ ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਮਹਿਲਾ ਟੀਮ ਨੇ ਇੰਗਲੈਂਡ ਨੂੰ 13 ਦੌੜਾਂ ਨਾਲ ਹਰਾ ਕੇ ਲੜੀ 2-1 ਨਾਲ ਜਿੱਤ ਲਈ।
ਰਿਵਰਸਾਈਡ ਗਰਾਊਂਡ 'ਤੇ ਖੇਡੇ ਗਏ ਇਸ ਮੈਚ ਵਿਚ, ਭਾਰਤੀ ਮਹਿਲਾ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਪੰਜ ਵਿਕਟਾਂ ਦੇ ਨੁਕਸਾਨ 'ਤੇ 318 ਦੌੜਾਂ ਬਣਾਈਆਂ। ਭਾਰਤ ਲਈ ਕਪਤਾਨ ਹਰਮਨਪ੍ਰੀਤ ਕੌਰ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਸ ਨੇ 84 ਗੇਂਦਾਂ ਵਿਚ 14 ਚੌਕਿਆਂ ਦੀ ਮਦਦ ਨਾਲ 102 ਦੌੜਾਂ ਬਣਾਈਆਂ ਅਤੇ ਭਾਰਤ ਦੇ ਸਕੋਰ ਨੂੰ 300 ਤੋਂ ਪਾਰ ਲਿਜਾਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ। ਜਵਾਬ ਵਿਚ, ਇੰਗਲੈਂਡ ਦੀ ਟੀਮ 49.5 ਓਵਰਾਂ ਵਿਚ 305 ਦੌੜਾਂ 'ਤੇ ਸਿਮਟ ਗਈ। ਕਪਤਾਨ ਹਰਮਨਪ੍ਰੀਤ ਕੌਰ ਨੂੰ ਉਸ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਪਲੇਅਰ ਆਫ ਦ ਮੈਚ ਅਤੇ ਲੜੀ ਵਿਚ ਸ਼ਾਨਦਾਰ ਪ੍ਰਦਰਸ਼ਨ ਲਈ ਪਲੇਅਰ ਆਫ ਦੀ ਸਿਰੀਜ਼ ਐਲਾਨਿਆ ਗਿਆ।
3 ਮੈਚਾਂ ਦੀ ਲੜੀ ਵਿਚ ਦੋਵੇਂ ਟੀਮਾਂ ਇਕ ਇਕ ਮੈਚ ਜਿੱਤ ਚੁੱਕੀਆਂ ਸਨ ਤੇ ਇਹ ਫ਼ੈਸਲਾਕੁੰਨ ਮੈਚ ਸੀ। ਇਸ ਤੋਂ ਪਹਿਲਾਂ, ਭਾਰਤੀ ਮਹਿਲਾ ਟੀਮ ਨੇ ਪੰਜ ਮੈਚਾਂ ਦੀ ਟੀ-20 ਲੜੀ ਵਿੱਚ ਇੰਗਲੈਂਡ ਨੂੰ 3-2 ਨਾਲ ਹਰਾਇਆ।