ਰੂਸ: ਹਾਦਸਾਗ੍ਰਤ ਹੋਇਆ ਰੂਸੀ ਯਾਤਰੀ ਜਹਾਜ਼, ਮਿਲਿਆ ਮਲਬਾ

ਮਾਸਕੋ, 24 ਜੁਲਾਈ- ਰੂਸੀ ਯਾਤਰੀ ਜਹਾਜ਼ ਚੀਨੀ ਸਰਹੱਦ ਨੇੜੇ ਹਾਦਸਾਗ੍ਰਸਤ ਹੋ ਗਿਆ ਹੈ। ਇਸ ਹਾਦਸੇ ਵਿਚ ਜਹਾਜ਼ ਵਿਚ ਸਵਾਰ 49 ਲੋਕਾਂ ਦੀ ਮੌਤ ਹੋ ਗਈ ਹੈ। ਇਸ ਵਿਚ 43 ਯਾਤਰੀ ਅਤੇ 6 ਚਾਲਕ ਦਲ ਦੇ ਮੈਂਬਰ ਸਵਾਰ ਸਨ। ਯਾਤਰੀਆਂ ਵਿਚ 5 ਬੱਚੇ ਵੀ ਸ਼ਾਮਲ ਸਨ।
ਬਚਾਅ ਕਰਮਚਾਰੀਆਂ ਨੂੰ ਟਿੰਡਾ ਤੋਂ ਲਗਭਗ 16 ਕਿਲੋਮੀਟਰ ਦੂਰ ਇਕ ਪਹਾੜੀ ’ਤੇ ਰੂਸੀ ਯਾਤਰੀ ਜਹਾਜ਼ ਦਾ ਮਲਬਾ ਮਿਲਿਆ ਹੈ।
ਜਾਣਕਾਰੀ ਅਨੁਸਾਰ ਇਹ ਜਹਾਜ਼ ਰੂਸ ਦੇ ਪੂਰਬੀ ਅਮੂਰ ਖੇਤਰ ਵਿਚ ਉਡਾਣ ਭਰ ਰਿਹਾ ਸੀ। ਅਮੂਰ ਦੇ ਗਵਰਨਰ ਵੈਸੀਲੀ ਓਰਲੋਵ ਨੇ ਟੈਲੀਗ੍ਰਾਮ ’ਤੇ ਕਿਹਾ ਕਿ ਲਾਪਤਾ ਜਹਾਜ਼ ਅੰਗਾਰਾ ਏਅਰਲਾਈਨਜ਼ ਦਾ ਹੈ।
ਸਥਾਨਕ ਐਮਰਜੈਂਸੀ ਮੰਤਰਾਲੇ ਨੇ ਕਿਹਾ ਕਿ ਜਹਾਜ਼ ਬਲਾਗੋਵੇਸ਼ਚੇਂਸਕ ਦੇ ਖਬਾਰੋਵਸਕ ਰਾਹੀਂ ਟਿੰਡਾ ਜਾ ਰਿਹਾ ਸੀ। ਇਹ ਚੀਨੀ ਸਰਹੱਦ ਦੇ ਨੇੜੇ ਹੈ। ਟਿੰਡਾ ਪਹੁੰਚਣ ਤੋਂ ਪਹਿਲਾਂ, ਇਹ ਰਾਡਾਰ ਤੋਂ ਗਾਇਬ ਹੋ ਗਿਆ ਅਤੇ ਸੰਪਰਕ ਟੁੱਟ ਗਿਆ।
ਰੂਸ ਦੇ ਐਮਰਜੈਂਸੀ ਸਥਿਤੀ ਮੰਤਰਾਲੇ ਨੇ ਕਿਹਾ ਕਿ ਉਨ੍ਹਾਂ ਨੂੰ ਜਹਾਜ਼ ਦਾ ਸੜਦਾ ਹੋਇਆ ਫਿਊਜ਼ਲੇਜ ਮਿਲਿਆ ਹੈ ਪਰ ਹੋਰ ਵੇਰਵੇ ਨਹੀਂ ਦਿੱਤੇ।