ਗੁਰਦੁਆਰਾ ਅਗਮਪੁਰਾ ਪਾਤਸ਼ਾਹੀ ਦਸਵੀਂ ਬਲਾਚੌਰ ਤੋਂ 3 ਗੌਲਕਾਂ ਚੋਰੀ, ਜਥੇਦਾਰ ਝੀਂਡਾ ਨੇ ਦਿੱਤੀ ਜਾਣਕਾਰੀ

ਕਰਨਾਲ , 25 ਜੁਲਾਈ (ਗੁਰਮੀਤ ਸਿੰਘ ਸੱਗੂ)-ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਆਉਂਦੇ ਗੁਰਦੁਆਰਾ ਅਗਮਪੁਰਾ ਪਾਤਸ਼ਾਹੀ ਦਸਵੀਂ ਬਲਾਚੌਰ ਤੋਂ ਅਣਪਛਾਤੇ ਚੋਰਾਂ ਨੇ ਬੀਤੀ ਰਾਤ ਤਿੰਨ ਗੌਲਕਾਂ ਚੋਰੀ ਕਰ ਲਈਆਂ। ਘਟਨਾ ਦਾ ਪਤਾ ਲੱਗਦੇ ਹੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਜਗਦੀਸ਼ ਸਿੰਘ ਝੀਂਡਾ ਨੇ ਯਮੁਨਾਨਗਰ ਦੇ ਜ਼ਿਲ੍ਹਾ ਪੁਲਿਸ ਸੁਪਰੀਡੈਂਟ ਨਾਲ ਫ਼ੋਨ 'ਤੇ ਗੱਲ ਕੀਤੀ। ਉਨ੍ਹਾਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਅਤੇ ਚੋਰਾਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਸੁਪਰੀਡੈਂਟ ਨਾਲ ਗੱਲ ਕਰਨ ਤੋਂ ਬਾਅਦ ਪੁਲਿਸ ਨੇ ਸ਼ੱਕ ਦੇ ਆਧਾਰ 'ਤੇ ਤਿੰਨ ਬੰਦਿਆਂ ਨੂੰ ਰਾਊਂਡਅੱਪ ਕਰ ਲਿਆ ਹੈ ਜਿਨ੍ਹਾਂ ਤੋਂ ਪੁੱਛਗਿੱਛ ਜਾਰੀ ਹੈ।
ਜਥੇਦਾਰ ਜਗਦੀਸ਼ ਸਿੰਘ ਝੀਂਡਾ ਅਨੁਸਾਰ, ਇਹ ਗੁਰਦੁਆਰਾ ਸਾਹਿਬ ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਹੈ ਅਤੇ ਉਨ੍ਹਾਂ ਨੇ ਇਸਦੀ ਸੇਵਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪਣ ਦੀ ਅਪੀਲ ਵੀ ਕੀਤੀ ਸੀ ਪਰ ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਹਿਮਤੀ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਇਹ ਚੋਰੀ ਸਹੀ ਪ੍ਰਬੰਧਾਂ ਦੀ ਘਾਟ ਕਾਰਨ ਹੋਈ ਹੈ। ਜਥੇਦਾਰ ਝੀਂਡਾ ਅਨੁਸਾਰ ਗੋਲਕਾਂ ਵਿਚ ਅੰਦਾਜ਼ਨ 10 ਲੱਖ ਰੁਪਏ ਹੋ ਸਕਦੇ ਹਨ ਅਤੇ ਚੋਰਾਂ ਨੇ ਗੁਰਦੁਆਰਾ ਸਾਹਿਬ ਦੇ ਤਿੰਨੋਂ ਗੋਲਕਾਂ ਨੂੰ ਚੋਰੀ ਕਰ ਲਿਆ। ਹਰਿਆਣਾ ਕਮੇਟੀ ਦੇ ਮੁਖੀ ਨੇ ਸੰਗਤ ਨੂੰ ਅਪੀਲ ਕੀਤੀ ਕਿ ਉਹ ਇਸ ਚੋਰੀ ਦੇ ਮਾਮਲੇ ਵਿਚ ਚੋਰਾਂ ਨੂੰ ਫੜਨ ਵਿਚ ਸਹਿਯੋਗ ਕਰਨ ਤਾਂ ਜੋ ਗੁਰੂ ਘਰ ਵਿਚ ਚੋਰੀ ਕਰਨ ਦੀ ਹਿੰਮਤ ਕਰਨ ਵਾਲਿਆਂ ਨੂੰ ਕਾਬੂ ਕੀਤਾ ਜਾ ਸਕੇ। ਉਨ੍ਹਾਂ ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਅਪੀਲ ਕੀਤੀ ਕਿ ਗੁਰਦੁਆਰਾ ਸਾਹਿਬ ਦੀ ਸੇਵਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਤੀ ਜਾਵੇ ਤਾਂ ਜੋ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸੁਚੱਜੇ ਢੰਗ ਨਾਲ ਚਲਾਇਆ ਜਾ ਸਕੇ।