ਅੱਜ ਭਾਰਤ ਤੇ ਬਿ੍ਟੇਨ ਦੇ ਸੰਬੰਧਾਂ ਵਿਚ ਹੈ ਇਤਿਹਾਸਕ ਦਿਨ- ਪ੍ਰਧਾਨ ਮੰਤਰੀ ਮੋਦੀ

ਲੰਡਨ, 24 ਜੁਲਾਈ- ਭਾਰਤ ਤੇ ਬਿ੍ਰਟੇਨ ਵਿਚਾਲੇ ਅੱਜ ਮੁਕਤ ਵਪਾਰ ਸਮਝੌਤੇ ’ਤੇ ਦਸਤਖ਼ਤ ਹੋ ਗਏ। ਇਸ ਦੌਰਾਨ ਦੋਵਾਂ ਦੇਸ਼ਾਂ ਦੇ ਮੁਖੀ ਮੌਜੂਦ ਸਨ। ਸਮਝੌਤੇ ਤੋਂ ਬਾਅਦ ਸਾਂਝੀ ਪ੍ਰੈਸ ਕਾਨਫ਼ਰੰਸ ਦੌਰਾਨ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਯੂ.ਕੇ. ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਕਿਹਾ ਕਿ ਇਹ ਇਕ ਅਜਿਹਾ ਸੌਦਾ ਹੈ, ਜੋ ਸਾਡੇ ਦੋਵਾਂ ਦੇਸ਼ਾਂ ਨੂੰ ਵੱਡੇ ਲਾਭ ਲਿਆਏਗਾ, ਤਨਖਾਹਾਂ ਵਧਾਏਗਾ, ਜੀਵਨ ਪੱਧਰ ਵਧਾਏਗਾ ਅਤੇ ਕੰਮ ਕਰਨ ਵਾਲੇ ਲੋਕਾਂ ਦੀਆਂ ਜੇਬਾਂ ਵਿਚ ਵਧੇਰੇ ਪੈਸਾ ਪਾਵੇਗਾ। ਉਨ੍ਹਾਂ ਕਿਹਾ ਕਿ ਇਹ ਨੌਕਰੀਆਂ ਲਈ ਚੰਗਾ ਹੈ, ਇਹ ਕਾਰੋਬਾਰ ਲਈ ਚੰਗਾ ਹੈ, ਟੈਰਿਫਾਂ ਵਿਚ ਕਟੌਤੀ ਕਰੇਗਾ ਅਤੇ ਵਪਾਰ ਨੂੰ ਸਸਤਾ, ਤੇਜ਼ ਅਤੇ ਆਸਾਨ ਬਣਾਏਗਾ।
ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅੱਜ ਸਾਡੇ ਸੰਬੰਧਾਂ ਵਿਚ ਇਕ ਇਤਿਹਾਸਕ ਦਿਨ ਹੈ। ਮੈਨੂੰ ਖੁਸ਼ੀ ਹੈ ਕਿ ਕਈ ਸਾਲਾਂ ਦੀ ਸਖ਼ਤ ਮਿਹਨਤ ਤੋਂ ਬਾਅਦ, ਅੱਜ ਸਾਡੇ ਦੋਵਾਂ ਦੇਸ਼ਾਂ ਨੇ ਵਿਆਪਕ ਆਰਥਿਕ ਅਤੇ ਵਪਾਰ ਸਮਝੌਤੇ ’ਤੇ ਦਸਤਖਤ ਕੀਤੇ ਹਨ।