-ਰੇਣੂਕਾਸਵਾਮੀ ਹੱਤਿਆ ਮਾਮਲਾ- ਅਦਾਕਾਰ ਦਰਸ਼ਨ ਨੂੰ ਜ਼ਮਾਨਤ ਦੇਣ ਦੇ ਹਾਈ ਕੋਰਟ ਦੇ ਫੈੈਸਲੇ 'ਤੇ ਸੁਪਰੀਮ ਕੋਰਟ ਦੀ ਸਖ਼ਤ ਟਿੱਪਣੀ

ਕਿਹਾ- ਸ਼ਕਤੀਆਂ ਦੀ ਗਲਤ ਵਰਤੋਂ ਕੀਤੀ
ਨਵੀਂ ਦਿੱਲੀ, 24 ਜੁਲਾਈ (ਏਜੰਸੀ)- ਸੁਪਰੀਮ ਕੋਰਟ ਨੇ ਅੱਜ ਰੇਣੂਕਾਸਵਾਮੀ ਹੱਤਿਆ ਮਾਮਲੇ 'ਚ ਕੰਨੜ ਅਦਾਕਾਰ ਦਰਸ਼ਨ ûਗੁਦੀਪਾ ਅਤੇ 6 ਹੋਰਾਂ ਨੂੰ ਜ਼ਮਾਨਤ ਦੇਣ ਦੇ ਕਰਨਾਟਕ ਹਾਈ ਕੋਰਟ ਦੇ ਫੈਸਲੇ 'ਤੇ ਨਾਰਾਜ਼ਗੀ ਜਤਾਈ ਹੈ | ਸੁਪਰੀਮ ਕੋਰਟ ਨੇ ਕਿਹਾ ਕਿ ਇਹ ਸ਼ਕਤੀਆਂ ਦੀ ਗਲਤ ਵਰਤੋਂ ਕਰਨਾ ਹੈ | ਜਸਟਿਸ ਜੇ.ਬੀ. ਪਾਰਦੀਵਾਲਾ ਅਤੇ ਜਸਟਿਸ ਆਰ. ਮਹਾਦੇਵਨ ਦੇ ਬੈਂਚ ਨੇ ਅਦਾਕਾਰ ਤੇ ਹੋਰ ਦੋਸ਼ੀਆਂ ਨੂੰ ਜ਼ਮਾਨਤ ਦੇਣ ਦੇ ਹਾਈ ਕੋਰਟ ਦੇ 13 ਦਸੰਬਰ 2024 ਦੇ ਆਦੇਸ਼ ਖਿਲਾਫ ਕਰਨਾਟਕ ਸਰਕਾਰ ਦੀ ਅਪੀਲ 'ਤੇ ਫੈਸਲਾ ਸੁਰੱਖਿਅਤ ਰੱਖ ਲਿਆ ਹੈ | ਸੁਪਰੀਮ ਕੋਰਟ ਨੇ ਰਾਜ ਸਰਕਾਰ ਵਲੋਂ ਪੇਸ਼ ਵਕੀਲ ਸਿਧਾਰਥ ਲੁਥਰਾ ਤੇ ਮਾਮਲੇ 'ਚ ਦੋਸ਼ੀਆਂ ਦੀ ਪ੍ਰਤੀਨਿਧਤਾ ਕਰ ਰਹੇ ਸਿਧਾਰਥ ਦਵੇ ਤੇ ਹੋਰਾਂ ਦੀਆਂ ਦਲੀਲਾਂ ਸੁਣੀਆਂ | ਅਦਾਲਤ ਨੇ ਰਾਜ ਤੇ ਕੁਝ ਹੋਰ ਲੋਕਾਂ ਵਲੋਂ ਲਿਖਿਤ ਨੋਟ ਨੂੰ ਰਿਕਾਰਡ 'ਚ ਲੈ ਲਿਆ ਹੈ ਅਤੇ ਹੋਰ ਦੋਸ਼ੀਆਂ ਦੇ ਵਕੀਲ ਤੋਂ ਇਕ ਹਫਤੇ ਅੰਦਰ ਸੰਖੇਪ ਨੋਟ ਦਾਖਲ ਕਰਨ ਨੂੰ ਕਿਹਾ ਹੈ |