ਯੂਏਈ ਵਿਚ ਹੋਵੇਗਾ ਪੁਰਸ਼ ਏਸ਼ੀਆ ਕੱਪ 2025, ਭਾਰਤ-ਪਾਕਿ ਮਹਾਂਮੁਕਾਬਲਾ 14 ਸਤੰਬਰ ਨੂੰ

ਢਾਕਾ, 26 ਜੁਲਾਈ - ਏਸ਼ੀਅਨ ਕ੍ਰਿਕਟ ਕੌਂਸਲ (ਏਸੀਸੀ) ਦੇ ਪ੍ਰਧਾਨ ਮੋਹਸਿਨ ਨਕਵੀ ਨੇ ਪੁਸ਼ਟੀ ਕੀਤੀ ਹੈ ਕਿ ਏਸ਼ੀਆ ਕੱਪ 2025 ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ 9 ਤੋਂ 28 ਸਤੰਬਰ ਤੱਕ ਆਯੋਜਿਤ ਕੀਤਾ ਜਾਵੇਗਾ ਅਤੇ ਇਹ ਟੂਰਨਾਮੈਂਟ ਹਾਈਬ੍ਰਿਡ ਮਾਡਲ ਵਿਚ ਖੇਡਿਆ ਜਾਵੇਗਾ। ਨਕਵੀ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਏਸੀਸੀ ਦੀ ਮੀਟਿੰਗ 24 ਜੁਲਾਈ ਨੂੰ ਢਾਕਾ ਵਿਚ ਹੋਈ ਸੀ।
ਭਾਰਤ ਨੇ ਢਾਕਾ ਵਿਚ ਹੋਈ ਮਹੱਤਵਪੂਰਨ ਏਸ਼ੀਅਨ ਕ੍ਰਿਕਟ ਕੌਂਸਲ ਦੀ ਮੀਟਿੰਗ ਵਿਚ ਵਰਚੁਅਲੀ ਹਿੱਸਾ ਲਿਆ, ਪਰ ਬੀਸੀਸੀਆਈ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਉਹ ਕਿਸੇ ਵੀ ਪ੍ਰਤੀਨਿਧੀ ਨੂੰ ਸਰੀਰਕ ਤੌਰ 'ਤੇ ਢਾਕਾ ਨਹੀਂ ਭੇਜੇਗਾ। ਇਸ ਦੇ ਬਾਵਜੂਦ, ਮੋਹਸਿਨ ਨਕਵੀ ਦੀ ਪ੍ਰਧਾਨਗੀ ਹੇਠ ਯੂਏਈ ਨੂੰ ਟੂਰਨਾਮੈਂਟ ਦੀ ਮੇਜ਼ਬਾਨੀ ਦੇ ਅਧਿਕਾਰ ਦਿੱਤੇ ਗਏ।
ਭਾਰਤ ਅਤੇ ਪਾਕਿਸਤਾਨ ਇਕੋ ਗਰੁੱਪ ਵਿਚ ਹਨ। ਦੋਵਾਂ ਵਿਚਾਲੇ ਪਹਿਲਾ ਮੈਚ 14 ਸਤੰਬਰ ਨੂੰ ਹੋਵੇਗਾ। ਜੇਕਰ ਦੋਵੇਂ ਟੀਮਾਂ ਸੁਪਰ-4 ਪੜਾਅ ਵਿਚ ਪਹੁੰਚ ਜਾਂਦੀਆਂ ਹਨ, ਤਾਂ ਇੱਥੇ ਵੀ ਦੋਵਾਂ ਵਿਚਾਲੇ ਮੈਚ 21 ਸਤੰਬਰ ਨੂੰ ਖੇਡਿਆ ਜਾਵੇਗਾ।