ਅਮਰੀਕਾ ’ਚ ਗੋਲੀਬਾਰੀ, ਪੁਲਿਸ ਕਰਮੀ ਸਮੇਤ ਪੰਜ ਦੀ ਮੌਤ

ਵਾਸ਼ਿੰਗਟਨ, ਡੀ.ਸੀ. 29 ਜੁਲਾਈ- ਅਮਰੀਕਾ ਦੇ ਨਿਊਯਾਰਕ ਵਿਖੇ ਅੱਜ ਮਿਡਟਾਊਨ ਮੈਨਹਟਨ ਵਿਚ ਇਕ ਦਫ਼ਤਰ ਦੀ ਇਮਾਰਤ ਵਿਚ ਹੋਈ ਗੋਲੀਬਾਰੀ ਦੌਰਾਨ ਇਕ ਪੁਲਿਸ ਅਧਿਕਾਰੀ ਸਮੇਤ ਘੱਟੋ-ਘੱਟ ਪੰਜ ਲੋਕਾਂ ਦੀ ਮੌਤ ਹੋ ਗਈ। ਪੁਲਿਸ ਦੇ ਅਨੁਸਾਰ, ਹਮਲਾਵਰ ਦੀ ਪਛਾਣ ਸ਼ੇਨ ਤਾਮੁਰਾ ਵਜੋਂ ਹੋਈ ਹੈ, ਜੋ ਕਿ ਨੇਵਾਡਾ ਦਾ ਰਹਿਣ ਵਾਲਾ ਸੀ। ਘਟਨਾ ਤੋਂ ਬਾਅਦ, ਉਸ ਨੇ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ ਅਤੇ ਉਸ ਦੀ ਮੌਤ ਹੋ ਗਈ। ਉਸ ਕੋਲੋਂ ਲਾਸ ਵੇਗਾਸ ਬੰਦੂਕ ਦਾ ਲਾਇਸੈਂਸ ਮਿਲਿਆ ਹੈ।
ਦੱਸ ਦੇਈਏ ਕਿ ਇਹ ਘਟਨਾ ਪਾਰਕ ਐਵੇਨਿਊ ’ਤੇ ਸਥਿਤ ਇਕ ਹਾਈ-ਪ੍ਰੋਫਾਈਲ ਦਫ਼ਤਰ ਦੀ ਇਮਾਰਤ ਵਿਚ ਸ਼ਾਮ 6:30 ਵਜੇ ਦੇ ਕਰੀਬ ਵਾਪਰੀ, ਜਿੱਥੇ ਕਈ ਵੱਡੀਆਂ ਵਿੱਤੀ ਕੰਪਨੀਆਂ ਅਤੇ ਨੈਸ਼ਨਲ ਫੁੱਟਬਾਲ ਲੀਗ ਦੇ ਦਫ਼ਤਰ ਹਨ। ਮਾਮਲੇ ਵਿਚ ਚਸ਼ਮਦੀਦ ਗਵਾਹ ਵਜੋਂ ਉਸ ਇਮਾਰਤ ਦੀ ਦੂਜੀ ਮੰਜ਼ਿਲ ’ਤੇ ਪੇਸ਼ਕਾਰੀ ਦੇ ਰਹੀ ਜੈਸਿਕਾ ਚੇਨ ਨੇ ਕਿਹਾ ਕਿ ਉਸ ਨੇ ਪਹਿਲੀ ਮੰਜ਼ਿਲ ਤੋਂ ਇਕ ਤੋਂ ਬਾਅਦ ਇਕ ਕਈ ਗੋਲੀਆਂ ਦੀ ਆਵਾਜ਼ ਸੁਣੀ। ਉੱਥੇ ਮੌਜੂਦ ਲੋਕ ਕਾਨਫਰੰਸ ਰੂਮ ਵਿਚ ਲੁਕ ਗਏ ਅਤੇ ਫਰਨੀਚਰ ਨਾਲ ਦਰਵਾਜ਼ਾ ਬੰਦ ਕਰ ਦਿੱਤਾ।