ਜੱਬੋਵਾਲ ਦੇ ਵਿਦਿਆਰਥੀ ਰਾਜਦੀਪ ਸਿੰਘ ਨੇ ਸਟੇਟ ਬਾਕਸਿੰਗ 'ਚ ਕਾਂਸੀ ਦਾ ਤਗਮਾ ਜਿੱਤਿਆ

ਜੰਡਿਆਲਾ ਗੁਰੂ, 29 ਜੁਲਾਈ (ਹਰਜਿੰਦਰ ਸਿੰਘ ਕਲੇਰ)-ਸੰਤ ਬਾਬਾ ਗੁਰਬਖਸ਼ ਸਿੰਘ ਜੀ ਖਾਲਸਾ ਅਕੈਡਮੀ, ਜੱਬੋਵਾਲ ਦੇ ਵਿਦਿਆਰਥੀ ਰਾਜਦੀਪ ਸਿੰਘ ਨੇ 6ਵੀਂ ਸਬ-ਜੂਨੀਅਰ ਸਟੇਟ ਬਾਕਸਿੰਗ ਚੈਂਪੀਅਨਸ਼ਿਪ ਵਿਚ ਤੀਜਾ ਸਥਾਨ ਕਾਂਸੀ ਦਾ ਤਗਮਾ ਜਿੱਤ ਕੇ ਆਪਣੀ ਅਕੈਡਮੀ, ਮਾਪਿਆਂ ਅਤੇ ਇਲਾਕੇ ਦਾ ਸਿਰ ਫਖਰ ਨਾਲ ਉੱਚਾ ਕੀਤਾਹੈ। ਇਸ ਜਿੱਤ ਪਿੱਛੇ ਰਾਜਦੀਪ ਸਿੰਘ ਦੀ ਲਗਾਤਾਰ ਮਿਹਨਤ, ਸਖ਼ਤ ਟਰੇਨਿੰਗ ਅਤੇ ਅਕੈਡਮੀ ਵਲੋਂ ਦਿੱਤੀ ਗਈ ਮਾਰਗਦਰਸ਼ਨ ਦੀ ਭੂਮਿਕਾ ਰਹੀ ਹੈ।
ਮੁੱਖ ਸੇਵਾਦਾਰ ਭਾਈ ਮਲਕੀਤ ਸਿੰਘ ਨੇ ਰਾਜਦੀਪ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਸਾਡੀ ਅਕੈਡਮੀ ਸਿਰਫ਼ ਪਾਠ-ਪੁਸਤਕ ਤੱਕ ਸੀਮਿਤ ਨਹੀਂ, ਸਾਡਾ ਮਕਸਦ ਹੈ ਕਿ ਵਿਦਿਆਰਥੀ ਹਰ ਮੈਦਾਨ ‘ਚ ਆਗੂ ਬਣਣ। ਰਾਜਦੀਪ ਸਿੰਘ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਜੋ ਮਿਹਨਤ ਕਰਦਾ ਹੈ, ਉਹੀ ਸਫ਼ਲਤਾ ਦੀ ਮੰਜ਼ਿਲ ਤੱਕ ਪਹੁੰਚਦਾ ਹੈ। ਅਕੈਡਮੀ ਦੇ ਸਟਾਫ, ਕੋਚ ਕਰਨਜੀਤ ਸਿੰਘ ਤੇ ਸਮੂਹ ਪਰਿਵਾਰ ਨੇ ਵੀ ਰਾਜਦੀਪ ਦੀ ਹੌਸਲਾ ਅਫ਼ਜ਼ਾਈ ਕੀਤੀ। ਅਕੈਡਮੀ ਦਾ ਮਕਸਦ ਵਿਦਿਆਰਥੀਆਂ ਨੂੰ ਸਰੀਰਕ, ਨੈਤਿਕ ਤੇ ਅਕਾਦਮਿਕ ਤੌਰ ਉਤੇ ਤਿਆਰ ਕਰਨਾ ਹੈ, ਜਿਸ ਦਾ ਨਤੀਜਾ ਅਜਿਹੀਆਂ ਜਿੱਤਾਂ ਦੇ ਰੂਪ ਵਿਚ ਮਿਲ ਰਿਹਾ ਹੈ। ਇਸ ਮੌਕੇ ਭਾਈ ਮਲਕੀਤ ਸਿੰਘ, ਗਿਆਨੀ ਤੇਜਬੀਰ ਸਿੰਘ, ਪ੍ਰਿੰਸੀਪਲ ਸੁਰਿੰਦਰ ਸਿੰਘ, ਮਾਸਟਰ ਗੁਰਪਿੰਦਰ ਸਿੰਘ, ਬਾਕਸਿੰਗ ਕੋਚ ਕਰਨਜੀਤ ਸਿੰਘ, ਭਾਈ ਸੁਖਚੈਨ ਸਿੰਘ ਆਦਿ ਹਾਜ਼ਰ ਸਨ।