JALANDHAR WEATHER

ਲੈਂਡ ਪੂਲਿੰਗ ਨੀਤੀ ਖ਼ਿਲਾਫ਼ ਮਹਿਲ ਕਲਾਂ ਤੋਂ ਮੁੱਲਾਂਪੁਰ ਲਈ ਕਿਸਾਨਾਂ ਦਾ ਕਾਫਲਾ ਰਵਾਨਾ ਹੋਇਆ

ਮਹਿਲ ਕਲਾਂ, 30 ਜੁਲਾਈ (ਅਵਤਾਰ ਸਿੰਘ ਅਣਖੀ)- ਭਾਰਤੀ ਕਿਸਾਨ ਯੂਨੀਅਨ ਡਕੌਦਾ (ਧਨੇਰ) ਬਲਾਕ ਮਹਿਲ ਕਲਾਂ ਵਲੋਂ ਲੈਂਡ ਪੂਲਿੰਗ ਨੀਤੀ ਦੇ ਵਿਰੋਧ 'ਚ ਅੱਜ ਜ਼ੋਰਦਾਰ ਰੋਸ ਪ੍ਰਗਟਾਇਆ ਗਿਆ। ਬਲਾਕ ਦੇ ਆਗੂਆਂ, ਵਰਕਰਾਂ ਦਾ ਕਾਫ਼ਲਾ ਲੈਂਡ ਪੂਲਿੰਗ ਨੀਤੀ ਦੇ ਵਿਰੋਧ 'ਚ ਮੁੱਲਾਪੁਰ ਦਾਖਾ ਵਿਖੇ ਸੰਯੁਕਤ ਮੋਰਚੇ ਵਲੋਂ ਆਯੋਜਿਤ ਟਰੈਕਟਰ ਮਾਰਚ ਵਿਚ ਭਾਗ ਲੈਣ ਲਈ ਰਵਾਨਾ ਹੋਇਆ। ਕਾਫਲੇ ਨੇ ਰਵਾਨਗੀ ਦੌਰਾਨ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਾਂ ਮੰਗ ਕੀਤੀ ਕਿ ਕਿਸਾਨ ਮਾਰੂ ਲੈਂਡ ਪੂਲਿੰਗ ਨੀਤੀ ਨੂੰ ਤੁਰੰਤ ਵਾਪਸ ਲਿਆ ਜਾਵੇ। ਇਸ ਮੌਕੇ ਜ਼ਿਲ੍ਹਾ ਮੀਤ ਪ੍ਰਧਾਨ ਜੁਗਰਾਜ ਸਿੰਘ ਹਰਦਾਸਪੁਰਾ, ਨਾਨਕ ਸਿੰਘ ਅਮਲਾ ਸਿੰਘ ਵਾਲਾ, ਭਿੰਦਰ ਸਿੰਘ ਮੂੰਮ, ਜੱਗਾ ਸਿੰਘ ਮਹਿਲ ਕਲਾਂ ਨੇ ਕਿਹਾ ਕਿ ਪੰਜਾਬ ਸਰਕਾਰ ਕੇਂਦਰ ਦੇ ਇਸ਼ਾਰੇ 'ਤੇ ਕਿਸਾਨ ਵਿਰੋਧੀ ਨੀਤੀਆਂ ਲਾਗੂ ਕਰ ਰਹੀ ਹੈ।

ਨਵੀਂ ਲੈਂਡ ਪੂਲਿੰਗ ਨੀਤੀ ਰਾਹੀਂ ਕਿਸਾਨਾਂ ਦੀ ਜ਼ਮੀਨ ਹੜਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੋ ਨਾ ਸਿਰਫ਼ ਕਿਸਾਨਾਂ ਨੂੰ ਆਰਥਿਕ ਤੌਰ 'ਤੇ ਕਮਜ਼ੋਰ ਕਰੇਗੀ, ਸਗੋਂ ਮਜ਼ਦੂਰ ਵਰਗ ਵੀ ਇਸ ਨਾਲ ਬਰਬਾਦੀ ਕੰਢੇ ਪਹੁੰਚ ਜਾਏਗਾ । ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਆਪ ਸਰਕਾਰ ਦੇ ਆਗੂ ਜੋ ਖੁਦ ਨੂੰ ਆਮ ਆਦਮੀ ਦੱਸਦੇ ਹਨ, ਅੱਜ ਅਰਬਪਤੀਆਂ ਦੇ ਭਾਈਵਾਲ ਬਣ ਚੁੱਕੇ ਹਨ ਤੇ ਹੁਣ ਮਿਹਨਤੀ ਕਿਸਾਨਾਂ ਦੀ ਜ਼ਮੀਨ ਉਤੇ ਅੱਖ ਟਿਕਾਈ ਬੈਠੇ ਹਨ। ਉਨ੍ਹਾਂ ਸਮੂਹ ਲੋਕਾਂ ਨੂੰ ਲੈਂਡ ਪੂਲਿੰਗ ਨੀਤੀ ਵਿਰੁੱਧ ਸੰਘਰਸ਼ ਵਿਚ ਭਰਪੂਰ ਭਾਗ ਲੈਣ ਦੀ ਅਪੀਲ ਕੀਤੀ । ਆਗੂਆਂ ਨੇ ਸਪੱਸ਼ਟ ਕਿਹਾ ਕਿ ਜਦ ਤੱਕ ਪੰਜਾਬ ਸਰਕਾਰ ਲੈਂਡ ਪੂਲਿੰਗ ਨੀਤੀ ਨੂੰ ਵਾਪਸ ਨਹੀਂ ਲੈਂਦੀ, ਤਦ ਤੱਕ ਇਹ ਕਿਸਾਨ ਸੰਘਰਸ਼ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਸਤਨਾਮ ਸਿੰਘ ਮੂੰਮ, ਸਤਪਾਲ ਸਿੰਘ ਸੋਹੀ, ਅਮਨਦੀਪ ਸਿੰਘ ਰਾਏਸਰ, ਜੱਗਾ ਸਿੰਘ ਮਹਿਲ ਕਲਾਂ, ਅਜਮੇਰ ਸਿੰਘ, ਦਰਸ਼ਨ ਸਿੰਘ ਮੂੰਮ, ਗੁਰਦੀਪ ਸਿੰਘ ਆਦਿ ਹਾਜ਼ਰ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ