ਮੁਹਾਲੀ ਖੇਤਰ ਦੇ ਕਿਸਾਨਾਂ ਵਲੋਂ ਟਰੈਕਟਰ ਮਾਰਚ ਆਰੰਭ

ਐੱਸ. ਏ. ਐੱਸ. ਨਗਰ, 30 ਜੁਲਾਈ (ਤਰਵਿੰਦਰ ਸਿੰਘ ਬੈਨੀਪਾਲ) - ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਲੈਂਡ ਪੂਲਿੰਗ ਨੀਤੀ ਦੇ ਖ਼ਿਲਾਫ਼ ਅੱਜ ਮੁਹਾਲੀ ਖੇਤਰ ਦੇ ਕਿਸਾਨਾਂ ਵਲੋਂ ਅੱਜ ਟਰੈਕਟਰ ਮਾਰਚ ਕੱਢਿਆ ਗਿਆ। ਕਿਸਾਨ ਆਗੂਆਂ ਦਵਿੰਦਰ ਸਿੰਘ ਦੇਹ ਕਲਾਂ ਤੇ ਕਿਰਪਾਲ ਸਿੰਘ ਸਿਆਊ ਨੇ ਦੱਸਿਆ ਕਿ ਇਹ ਟਰੈਕਟਰ ਮਾਰਚ ਪਿੰਡ ਸਨੇਟਾ ਤੋਂ ਆਰੰਭ ਹੋਇਆ, ਜਿਹੜਾ ਕਿ ਲੈਂਡ ਪੂਲਿੰਗ ਤੋਂ ਪ੍ਰਭਾਵਿਤ ਪਿੰਡਾਂ ਦੈੜੀ, ਪੱਤੋਂ, ਮਾਣਕਪੁਰ ਕੱਲਰ, ਸਿਆਊ, ਬੜੀ ਬਾਕਰਪੁਰ,ਕਿਸ਼ਨਪੁਰਾ ਆਦਿ ਤੋਂ ਹੋ ਕੇ ਦੁਬਾਰਾ ਪਿੰਡ ਕੁਰੜੀ ਵਿਖੇ ਆ ਕੇ ਸਮਾਪਤ ਹੋਵੇਗਾ। ਪੰਜਾਬ ਪ੍ਰੋਗਰੈਸਿਵ ਫ਼ਰੰਟ ਦੇ ਚੇਅਰਮੈਨ ਐਡਵੋਕੇਟ ਦਰਸ਼ਨ ਸਿੰਘ ਧਾਲੀਵਾਲ, ਲਖਵਿੰਦਰ ਸਿੰਘ ਕਰਾਲਾ, ਪਰਮਦੀਪ ਸਿੰਘ ਬੈਦਵਾਣ, ਦਰਸ਼ਨ ਸਿੰਘ ਦੁਰਾਲੀ,ਕੁਲਵੰਤ ਸਿੰਘ ਚਿੱਲਾ, ਸੁਖਚੈਨ ਸਿੰਘ ਚਿੱਲਾ,ਬਲਬੀਰ ਸਿੰਘ ਦੁਰਾਲੀ,ਜਸਪਾਲ ਸਿੰਘ ਨਿਆਮੀਆਂ,ਸ਼ੇਰ ਸਿੰਘ ਦੈੜੀ,ਹਰਨੇਕ ਸਿੰਘ ਸਿਆਊ ਆਦਿ ਕਿਸਾਨ ਆਗੂਆਂ ਨੇ ਦੱਸਿਆ ਕਿ ਲੈਂਡ ਪੂਲਿੰਗ ਨੀਤੀ ਤਹਿਤ ਕਿਸਾਨਾਂ ਵਿਚ ਭਾਰੀ ਰੋਸ ਹੈ ਤੇ ਜਦੋਂ ਤੱਕ ਲੈਂਡ ਪੂਲਿੰਗ ਵਾਪਸ ਨਹੀਂ ਲਈ ਜਾਂਦੀ ਉਦੋਂ ਤੱਕ ਕਿਸਾਨ ਅੰਦੋਲਨ ਕਰਦੇ ਰਹਿਣਗੇ। ਇਸ ਮੌਕੇ ਸੈਂਕੜਿਆਂ ਦੀ ਗਿਣਤੀ ਵਿਚ ਕਿਸਾਨ ਟਰੈਕਟਰ ਲੈ ਕੇ ਪਹੁੰਚੇ ਹੋਏ ਸਨ। ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਲੈਂਡ ਪੂਲਿੰਗ ਨੀਤੀ ਦੇ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ।