ਪਿੰਡ ਨਾਨੋਵਾਲ ਕਲਾਂ 'ਚ ਘਰ ਵਿਚੋਂ ਲੱਖਾਂ ਦਾ ਸਾਮਾਨ ਚੋਰੀ

ਖਮਾਣੋਂ, 29 ਜੁਲਾਈ (ਮਨਮੋਹਣ ਸਿੰਘ ਕਲੇਰ)-ਪਿੰਡ ਨਾਨੋਵਾਲ ਕਲਾਂ ਵਿਖੇ ਬੀਤੀ ਰਾਤ ਪਿੰਡ ਤੋਂ ਬਾਹਰਵਾਰ ਬਣੇ ਘਰ ‘ਚ ਪਾੜ ਲਗਾ ਕੇ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰ ਲਿਆ ਗਿਆ। ਘਰ ਦੇ ਮਾਲਕ ਦਲਜਿੰਦਰ ਸਿੰਘ ਮੁਤਾਬਕ ਉਹ ਘਰ ‘ਚ ਆਪਣੀ ਪਤਨੀ ਸਮੇਤ ਰਹਿੰਦਾ ਹੈ। ਉਹ ਕੂਲਰ ਲਗਾ ਕੇ ਸੌਂ ਗਏ ਸਨ। ਇਸ ਦੌਰਾਨ ਚੋਰਾਂ ਨੇ ਘਰ ਵਿਚ ਇਕ ਕਮਰੇ ਦੀ ਕੰਧ ਨੂੰ ਬਾਹਰੋਂ ਪਾੜ ਲਗਾ ਕੇ ਅੰਦਰ ਦਾਖਲ ਹੋ ਕੇ ਅਲਮਾਰੀ ‘ਚੋਂ ਸੋਨੇ ਦੇ ਟੋਪਸ, ਦੋ ਘੜੀਆਂ, ਸੋਨੇ ਦੀ ਮੁੰਦਰੀ, ਦੋ ਮੋਬਾਇਲ ਚੋਰੀ ਕਰ ਲਏ, ਜਿਸ ਦਾ ਉਨ੍ਹਾਂ ਨੂੰ ਸਵੇਰੇ ਪਤਾ ਲੱਗਾ। ਦਲਜਿੰਦਰ ਮੁਤਾਬਕ ਚੋਰੀ ਹੋਇਆ ਸਾਮਾਨ ਇਕ ਲੱਖ ਰੁਪਏ ਤੋਂ ਜ਼ਿਆਦਾ ਕੀਮਤ ਦਾ ਹੈ। ਉਸ ਨੇ ਕਿਹਾ ਕਿ ਇਸ ਚੋਰੀ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ।