ਬਿਹਾਰ ਵੋਟਰ ਸੂਚੀਆਂ ਸੋਧ ਮੁੱਦੇ ’ਤੇ ਵਿਰੋਧੀ ਧਿਰ ਦੇ ਹੰਗਾਮੇ ਦੌਰਾਨ ਰਾਜ ਸਭਾ ਦੁਪਹਿਰ 2 ਵਜੇ ਤੱਕ ਮੁਲਤਵੀ

ਨਵੀਂ ਦਿੱਲੀ, 29 ਜੁਲਾਈ - ਬਿਹਾਰ ਵਿਚ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ (ਐਸ.ਆਈ.ਆਰ.) ਸਮੇਤ ਵੱਖ-ਵੱਖ ਮੁੱਦਿਆਂ ’ਤੇ ਚਰਚਾ ਲਈ ਵਿਰੋਧੀ ਧਿਰ ਦੇ ਮੁਲਤਵੀ ਨੋਟਿਸਾਂ ਨੂੰ ਰੱਦ ਕਰਨ ਤੋਂ ਬਾਅਦ ਰਾਜ ਸਭਾ ਦੀ ਕਾਰਵਾਈ ਅੱਜ ਦੁਪਹਿਰ 2 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ ਹੈ। ਸਵੇਰ ਦੇ ਸੈਸ਼ਨ ਦੌਰਾਨ ਸੂਚੀਬੱਧ ਕਾਗਜ਼ਾਤ ਅਤੇ ਰਿਪੋਰਟਾਂ ਰੱਖਣ ਤੋਂ ਬਾਅਦ, ਡਿਪਟੀ ਚੇਅਰਮੈਨ ਹਰੀਵੰਸ਼ ਨੇ ਕਿਹਾ ਕਿ ਉਨ੍ਹਾਂ ਨੂੰ ਨਿਯਮ 267 ਦੇ ਤਹਿਤ 24 ਨੋਟਿਸ ਪ੍ਰਾਪਤ ਹੋਏ ਹਨ, ਜਿਸ ਵਿਚ ਐਸ.ਆਈ.ਆਰ., ਦੂਜੇ ਰਾਜਾਂ ਵਿਚ ਬੰਗਾਲੀ ਪ੍ਰਵਾਸੀ ਮਜ਼ਦੂਰਾਂ ਨਾਲ ਕਥਿਤ ਵਿਤਕਰਾ ਅਤੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਦੇ ਅਸਤੀਫ਼ੇ ਸਮੇਤ ਵੱਖ-ਵੱਖ ਮੁੱਦਿਆਂ ’ਤੇ ਚਰਚਾ ਦੀ ਮੰਗ ਕੀਤੀ ਗਈ ਹੈ।
ਹਾਲਾਂਕਿ, ਉਨ੍ਹਾਂ ਨੇ ਸਾਰੇ ਮੁਲਤਵੀ ਨੋਟਿਸਾਂ ਨੂੰ ਇਹ ਕਹਿੰਦੇ ਹੋਏ ਰੱਦ ਕਰ ਦਿੱਤਾ ਕਿ ਨੋਟਿਸ ਚੇਅਰਮੈਨ ਦੇ ਪਿਛਲੇ ਨਿਰਦੇਸ਼ਾਂ ਦੇ ਅਨੁਸਾਰ ਨਹੀਂ ਹਨ।
ਵਿਰੋਧੀ ਧਿਰ ਦੇ ਮੈਂਬਰਾਂ ਨੇ ਫੈਸਲੇ ਦਾ ਵਿਰੋਧ ਕੀਤਾ। ਕੁਝ ‘ਵੋਟ ਕੀ ਚੋਰੀ ਬੰਦ ਕਰੋ’ (ਵੋਟਾਂ ਚੋਰੀ ਕਰਨਾ ਬੰਦ ਕਰੋ) ਦੇ ਨਾਅਰੇ ਲਗਾ ਰਹੇ ਸਨ। ਚੇਅਰਮੈਨ ਨੇ ਪ੍ਰਦਰਸ਼ਨਕਾਰੀ ਮੈਂਬਰਾਂ ਨੂੰ ਸਦਨ ਨੂੰ ਕੰਮ ਕਰਨ ਦੇਣ ਦੀ ਅਪੀਲ ਕੀਤੀ ਤਾਂ ਜੋ ਸੰਸਦ ਮੈਂਬਰ ਜ਼ੀਰੋ ਆਵਰ ਦੌਰਾਨ ਆਪਣੇ ਮੁੱਦੇ ਚੁੱਕ ਸਕਣ। ਲਗਾਤਾਰ ਵਿਰੋਧ ਪ੍ਰਦਰਸ਼ਨ ਕਾਰਨ ਸਦਨ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ।