ਅਸੀਂ ਅੱਤਵਾਦੀ ਟਿਕਾਣਿਆਂ ’ਤੇ ਕੀਤਾ ਸੀ ਹਮਲਾ, ਪਾਕਿ ਨੇ ਆਪਣੇ ’ਤੇ ਮੰਨ ਲਿਆ- ਗ੍ਰਹਿ ਮੰਤਰੀ

ਨਵੀਂ ਦਿੱਲੀ, 29 ਜੁਲਾਈ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵਿਰੋਧੀਆਂ ਨੂੰ ਜਵਾਬ ਦਿੰਦੇ ਹੋਏ ਕਿਹਾ ਕਿ ਆਪ੍ਰੇਸ਼ਨ ਸੰਧੂਰ ਨੇ ਉਨ੍ਹਾਂ ਲੋਕਾਂ ਨੂੰ ਮਾਰ ਦਿੱਤਾ, ਜਿਨ੍ਹਾਂ ਨੇ ਅੱਤਵਾਦੀ ਭੇਜੇ ਸਨ ਅਤੇ ਆਪ੍ਰੇਸ਼ਨ ਮਹਾਦੇਵ ਨੇ ਉਨ੍ਹਾਂ ਲੋਕਾਂ ਨੂੰ ਮਾਰ ਦਿੱਤਾ, ਜਿਨ੍ਹਾਂ ਨੇ ਹਮਲਾ ਕੀਤਾ ਸੀ। ਉਨ੍ਹਾਂ ਅੱਗੇ ਕਿਹਾ ਕਿ ਮੈਂ ਪਾਕਿਸਤਾਨੀ ਡੀ.ਜੀ.ਐਮ.ਓ. ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਆਪਣੀ ਕਾਰਵਾਈ ਬਾਰੇ ਜਾਣਕਾਰੀ ਦਿੱਤੀ। ਇਹ ਮਨਮੋਹਨ ਸਰਕਾਰ ਨਹੀਂ ਹੈ ਜੋ ਮੁੰਬਈ ਹਮਲੇ ਸਮੇਂ ਚਰਚਾ ਕਰਦੀ ਰਹੀ। ਇਹ ਮੋਦੀ ਸਰਕਾਰ ਹੈ, ਜੋ ਤੁਰੰਤ ਕਾਰਵਾਈ ਕਰਦੀ ਹੈ।
ਅਸੀਂ ਅੱਤਵਾਦੀ ਟਿਕਾਣਿਆਂ ’ਤੇ ਹਮਲਾ ਕੀਤਾ ਅਤੇ ਪਾਕਿਸਤਾਨ ਨੇ ਆਪਣੇ ’ਤੇ ਹਮਲਾ ਮੰਨ ਲਿਆ। ਅਗਲੇ ਦਿਨ ਅੱਤਵਾਦੀਆਂ ਦਾ ਅੰਤਿਮ ਸੰਸਕਾਰ ਹੋਇਆ, ਜਿਸ ਵਿਚ ਪਾਕਿਸਤਾਨੀ ਫੌਜ ਦੇ ਅਧਿਕਾਰੀਆਂ ਨੇ ਹਿੱਸਾ ਲਿਆ। ਇਸ ਨਾਲ ਪਾਕਿਸਤਾਨ ਨੂੰ ਪੂਰੀ ਦੁਨੀਆ ਸਾਹਮਣੇ ਬੇਨਕਾਬ ਹੋ ਗਿਆ ਕਿ ਪਾਕਿਸਤਾਨ ਵਿਚ ਅੱਤਵਾਦ ਨੂੰ ਸਰਕਾਰ ਫੰਡ ਦਿੰਦੀ ਹੈ। ਪਾਕਿਸਤਾਨ ਨੇ ਸਾਡੇ ਫੌਜੀ ਟਿਕਾਣਿਆਂ ’ਤੇ ਹਮਲਾ ਕੀਤਾ ਪਰ ਸਾਨੂੰ ਕੋਈ ਨੁਕਸਾਨ ਨਹੀਂ ਹੋਇਆ।
ਅਗਲੇ ਦਿਨ ਪ੍ਰਧਾਨ ਮੰਤਰੀ ਨੇ ਫੌਜੀ ਅਧਿਕਾਰੀਆਂ ਅਤੇ ਮੰਤਰੀਆਂ ਨਾਲ ਮੀਟਿੰਗ ਕੀਤੀ ਅਤੇ ਜਵਾਬੀ ਕਾਰਵਾਈ ਵਿਚ, ਪਾਕਿਸਤਾਨ ਦੇ 11 ਏਅਰਬੇਸਾਂ ਨੂੰ ਨਿਸ਼ਾਨਾ ਬਣਾਇਆ ਗਿਆ। ਇਨ੍ਹਾਂ ਵਿਚੋਂ ਅੱਠ ਏਅਰਬੇਸਾਂ ਨੂੰ ਇੰਨੀ ਸਟੀਕਤਾ ਨਾਲ ਨਿਸ਼ਾਨਾ ਬਣਾਇਆ ਗਿਆ ਕਿ ਉਨ੍ਹਾਂ ਦੀ ਏਅਰ ਡਿਫੈਂਸ ਬੇਕਾਰ ਹੋ ਗਈ।