JALANDHAR WEATHER

ਜ਼ਮੀਨ ਵਿਵਾਦ: ਪਤੀ ਵਲੋਂ ਭਰਾ ਨਾਲ ਮਿਲ ਕੇ ਪਤਨੀ ਦਾ ਕਤਲ

ਡੱਬਵਾਲੀ, 29 ਜੁਲਾਈ (ਇਕਬਾਲ ਸਿੰਘ ਸ਼ਾਂਤ)- ਪਿੰਡ ਸੁਖੇਰਾਖੇੜਾ ਵਿਖੇ ਪਤੀ ਨੇ ਆਪਣੇ ਭਰਾ ਨਾਲ ਮਿਲ ਕੇ ਆਪਣੀ ਪਤਨੀ ਦਾ ਕੁਹਾੜੀ ਨਾਲ ਕਤਲ ਕਰ ਦਿੱਤਾ। ਹਮਲੇ ਵਿਚ ਮੱਥੇ ਅਤੇ ਧੌਣ ’ਤੇ ਸੱਟਾਂ ਲੱਗਣ ਕਾਰਨ ਰਾਮ ਮੂਰਤੀ ਦੀ ਮੌਕੇ ’ਤੇ ਮੌਤ ਹੋ ਗਈ। ਘਟਨਾ ਰਾਤ 9 ਵਜੇ ਦੇ ਕਰੀਬ ਵਾਪਰੀ। ਸਦਰ ਪੁਲਿਸ ਨੇ ਹੱਤਿਆ ਦਾ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਹੱਤਿਆ ਦਾ ਕਾਰਨ ਪਰਿਵਾਰਕ ਜ਼ਮੀਨ ਵਿਵਾਦ ਦੱਸਿਆ ਜਾ ਰਿਹਾ ਹੈ। ਮ੍ਰਿਤਕਾ ਰਾਮ ਮੂਰਤੀ ਖੇਤ ਦੀ ਢਾਣੀ ਵਿਚ ਹੀ ਪਤੀ ਅਤੇ ਦੋਵੇਂ ਪੁੱਤਰਾਂ ਤੋਂ ਵੱਖ ਰਹਿੰਦੀ ਸੀ ਤੇ ਜ਼ਮੀਨ ਨੂੰ ਲੈ ਕੇ ਪਤੀ-ਪਤਨੀ ਵਿਚਕਾਰ ਅਦਾਲਤੀ ਕੇਸ ਵੀ ਚੱਲ ਰਿਹਾ ਸੀ।

ਮ੍ਰਿਤਕ ਦੇ ਭਰਾ ਸੁਰਜੀਤ ਸਿੰਘ ਵਾਸੀ ਢਾਣੀ ਗੰਗਾ ਨੇ ਦੱਸਿਆ ਕਿ ਲਗਭਗ 22 ਸਾਲ ਪਹਿਲਾਂ ਉਸਦੀ ਭੈਣ ਰਾਮ ਮੂਰਤੀ ਦਾ ਵਿਆਹ ਗੁਰਮਹੇਸ਼ ਪੁੱਤਰ ਮਨਫੂਲ ਵਾਸੀ ਸੁਖੇਰਾਖੇੜਾ ਨਾਲ ਹੋਇਆ ਸੀ। ਉਸਦੇ ਦੋ ਪੁੱਤਰ ਈਸ਼ਵਰ (20) ਅਤੇ 16 ਸਾਲਾ ਅਭਿਸ਼ੇਕ ਹਨ। ਉਸਨੇ ਦੱਸਿਆ ਕਿ ਗੁਰਮਹੇਸ਼ ਅਤੇ ਸੰਜੇ ਕੁਮਾਰ ਕੋਲ ਲਗਭਗ 20 ਏਕੜ ਜੱਦੀ ਜ਼ਮੀਨ ਸੀ। ਜਿਸ ਵਿਚੋਂ ਲਗਭਗ ਅੱਠ ਏਕੜ ਜ਼ਮੀਨ ਵੇਚ ਦਿੱਤੀ ਗਈ ਸੀ। ਜਿਸ ਕਾਰਨ ਰਾਮ ਮੂਰਤੀ ਆਪਣੇ ਪਰਿਵਾਰ ਅਤੇ ਬੱਚਿਆਂ ਦੇ ਭਵਿੱਖ ਬਾਰੇ ਬਹੁਤ ਚਿੰਤਤ ਰਹਿੰਦੀ ਸੀ। ਉਸਨੇ ਜ਼ਮੀਨ ’ਤੇ ਆਪਣਾ ਹੱਕ ਜਤਾਇਆ। ਕਈ ਸਮਾਜਿਕ ਪੰਚਾਇਤਾਂ ਮਗਰੋਂ ਉਸਨੂੰ ਢਾਈ ਏਕੜ ਜ਼ਮੀਨ ਦੇ ਦਿੱਤੀ ਗਈ ਸੀ, ਬਾਅਦ ਵਿਚ ਉਸ ਜ਼ਮੀਨ ਦਾ ਕਬਜ਼ਾ ਵੀ ਵਾਪਸ ਲੈ ਲਿਆ ਗਿਆ। ਸੁਰਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਜੀਜਾ ਗੁਰਮਹੇਸ਼ ਅਤੇ ਸਹੁਰੇ ਸ਼ੁਰੂ ਤੋਂ ਹੀ ਰਾਮ ਮੂਰਤੀ ਨੂੰ ਕੁੱਟਮਾਰ ਕਰਕੇ ਤੰਗ-ਪ੍ਰੇਸ਼ਾਨ ਕਰਦੇ ਸਨ। ਜ਼ਮੀਨ ਨੂੰ ਲੈ ਕੇ ਦੋਵਾਂ ਧਿਰਾਂ ਵਿਚਕਾਰ ਅਦਾਲਤ ਵਿਚ ਕੇਸ ਚੱਲ ਰਿਹਾ ਸੀ।

ਚਸ਼ਮਦੀਦ ਸੁਰਜੀਤ ਸਿੰਘ ਦਾ ਦੋਸ਼ ਹੈ ਕਿ ਦਿਉਰ ਸੰਜੇ ਕੁਮਾਰ ਨੇ ਉਸ ਦੀ ਭੈਣ ’ਤੇ ਕੁਹਾੜੀ ਨਾਲ ਹਮਲਾ ਕੀਤਾ ਤੇ ਉਸ ਦਾ ਭਣੋਈਆ ਗੁਰਮਹੇਸ਼ ਉਸਨੂੰ ਰਾਮ ਮੂਰਤੀ ਨੂੰ ਮਾਰਨ ਲਈ ਆਖ ਰਿਹਾ ਸੀ। ਘਟਨਾ ਨੂੰ ਅੰਜ਼ਾਮ ਦੇਣ ਮਗਰੋਂ ਦੋਵੇਂ ਭਰਾ ਮੌਕੇ ’ਤੋਂ ਫਰਾਰ ਹੋ ਗਏ। ਸਦਰ ਥਾਣਾ ਦੇ ਮੁਖੀ ਸ਼ੈਲੇਂਦਰ ਕੁਮਾਰ ਨੇ ਦੱਸਿਆ ਕਿ ਮ੍ਰਿਤਕਾ ਦੇ ਭਰਾ ਸੁਰਜੀਤ ਸਿੰਘ ਦੇ ਬਿਆਨ ’ਤੇ ਸੰਜੇ ਕੁਮਾਰ ਅਤੇ ਗੁਰਮਹੇਸ਼ ਖਿਲਾਫ਼ ਹੱਤਿਆ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ