ਲੈਂਡ ਪੂਲਿੰਗ ਪਾਲਿਸੀ ਦੇ ਵਿਰੋਧ ’ਚ ਪੁਰਹੀਰਾਂ ਤੇ ਸ਼ੇਰਪੁਰ ’ਚ ਲੱਗੇ ’ਆਪ’ ਆਗੂਆਂ ਦੇ ਨੋ ਐਂਟਰੀ ਦੇ ਬੋਰਡ

ਹੁਸ਼ਿਆਰਪੁਰ, 29 ਜੁਲਾਈ (ਬਲਜਿੰਦਰਪਾਲ ਸਿੰਘ)- ‘ਆਪ’ ਸਰਕਾਰ ਦੀ ਲੈਂਡ ਪੂਲਿੰਗ ਪਾਲਿਸੀ ਅਧੀਨ ਪਿੰਡ ਪੁਰਹੀਰਾਂ ਅਤੇ ਸ਼ੇਰਗੜ੍ਹ ਦੀ ਆਉਣ ਵਾਲੀ ਜ਼ਮੀਨ ਦੇ ਮਾਲਕਾਂ ਅਤੇ ਪਿੰਡ ਵਾਸੀਆਂ ਵਲੋਂ ਜ਼ਮੀਨ ਬਚਾਓ, ਪੰਜਾਬ ਬਚਾਓ ਦੋਆਬਾ ਜਥੇਬੰਦੀ ਦੀ ਅਗਵਾਈ ’ਚ ਸਰਕਾਰ ਦਾ ਵਿਰੋਧ ਕਰਦਿਆਂ ਆਮ ਆਦਮੀ ਪਾਰਟੀ ਦੇ ਕਿਸੇ ਵੀ ਆਗੂ ਦੇ ਉਕਤ ਪਿੰਡਾਂ ’ਚ ਨਾ ਆਉਣ ਸੰਬੰਧੀ ਵੱਖ-ਵੱਖ ਥਾਵਾਂ ’ਤੇ ‘ਨੋ ਐਂਟਰੀ’ ਦੇ ਬੋਰਡ ਲਗਾਏ ਗਏ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਸਾਨ ਆਗੂ ਮਨਜੀਤ ਸਿੰਘ ਰਾਏ ਨੇ ਕਿਹਾ ਕਿ ਜੇਕਰ ਕੋਈ ਵੀ ਆਮ ਆਦਮੀ ਪਾਰਟੀ ਦਾ ਮੰਤਰੀ, ਵਿਧਾਇਕ ਜਾਂ ਕੋਈ ਆਗੂ ਇਨ੍ਹਾਂ ਪਿੰਡਾਂ ’ਚ ਦਾਖਲ ਹੋਇਆ ਤਾਂ ਉਸ ਦਾ ਵਿਰੋਧ ਕੀਤਾ ਜਾਵੇਗਾ ਅਤੇ ਇਸ ਦੌਰਾਨ ਹੋਣ ਵਾਲੇ ਨੁਕਸਾਨ ਦੇ ਉਹ ਖ਼ੁਦ ਜ਼ਿੰਮੇਵਾਰ ਹੋਣਗੇ।
ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਪੰਜਾਬ ਦੇ ਕਿਸਾਨਾਂ ਦੀਆਂ ਜ਼ਮੀਨਾਂ ਦਾ ਉਜਾੜਾ ਕਰਨ ਅਤੇ ਉਨ੍ਹਾਂ ਨੂੰ ਆਰਥਿਕ ਪੱਖੋਂ ਨੁਕਸਾਨ ਪਹੁੰਚਾਉਣ ਦੀ ਨੀਅਤ ਨਾਲ ਇਹ ਲੈਂਡ ਪੂਲਿੰਗ ਦੀ ਸਕੀਮ ਲਿਆਂਦੀ ਹੈ, ਜਿਸ ਨੂੰ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਪਿੰਡ ਪੁਰਹੀਰਾਂ, ਸ਼ੇਰਗੜ੍ਹ ਅਤੇ ਢੋਲਣਵਾਲ ’ਚ ਆਮ ਆਦਮੀ ਪਾਰਟੀ ਦਾ ਪ੍ਰਚਾਰ ਕਰਦਾ ਹੈ ਜਾਂ ਕੋਈ ਮੀਟਿੰਗ ਕਰਦਾ ਹੈ ਤਾਂ ਉਸ ਦਾ ਡਟਵਾਂ ਵਿਰੋਧ ਕੀਤਾ ਜਾਵੇਗਾ।