ਪਿੰਡ ਚੱਕਲੋਹਟ ਵਿਚ ਚੱਲੀ ਗੋਲੀ, ਨੌਜਵਾਨ ਗੰਭੀਰ ਜ਼ਖਮੀ
ਮਾਛੀਵਾੜਾ ਸਾਹਿਬ, 29 ਜੁਲਾਈ (ਮਨੋਜ ਕੁਮਾਰ)- ਬਲਾਕ ਮਾਛੀਵਾੜਾ ਅਧੀਨ ਪੈਂਦੇ ਪਿੰਡ ਚੱਕਲੋਹਟ ਵਿਚ ਸਵੇਰੇ ਕਰੀਬ 9.30 ਵਜੇ ਗੋਲੀ ਚੱਲਣ ਦੀ ਘਟਨਾ ਸਾਹਮਣੇ ਆਈ ਹੈ, ਜਿਸ ਵਿਚ ਦਰਸ਼ਨ ਸਿੰਘ ਦਾ 21 ਸਾਲਾ ਨੌਜਵਾਨ ਜਸਪ੍ਰੀਤ ਸਿੰਘ ਗੰਭੀਰ ਜ਼ਖਮੀ ਹੋ ਗਿਆ। ਆਲਟੋ ਕਾਰ ਵਿਚ ਆਏ ਅਣ-ਪਛਾਤੇ ਵਿਅਕਤੀਆਂ ਵਿਚੋਂ ਕੁਝ ਦਰਸ਼ਨ ਸਿੰਘ ਦੇ ਘਰ ਦੀ ਦੀਵਾਰ ਟੱਪ ਕੇ ਘਰ ਦਾਖਲ ਹੋਏ ਤੇ ਉੱਥੇ ਮੌਜੂਦ ਉਸ ਦੇ ਨੌਜਵਾਨ ਪੁੱਤਰ ਦੇ ਗੋਲੀਆਂ ਮਾਰ ਦਿੱਤੀਆਂ ਤੇ ਉਸ ਦੀ ਪਿੱਠ ’ਤੇ 2 ਗੋਲੀਆਂ ਲੱਗੀਆਂ ਹਨ।
ਉਸ ਦੇ ਤਾਇਆ ਜਸਵਿੰਦਰ ਸਿੰਘ ਅਨੁਸਾਰ ਇਹ ਹਮਲਾ ਕਿਸੇ ਰੰਜਿਸ਼ ਕਾਰਨ ਕੀਤਾ ਗਿਆ ਹੈ ਤੇ ਉਨ੍ਹਾਂ ਦੇ ਆਪਣਿਆਂ ਨੇ ਹੀ ਇਹ ਘਿਨੌਣਾ ਕਾਰਾ ਕਰਵਾਇਆ ਹੈ। ਹਾਲਕਿ ਮੌਕੇ ’ਤੇ ਪੁਲਿਸ ਨੇ ਪਹੁੰਚ ਕੇ ਹਰ ਪਹਿਲੂ ’ਤੇ ਜਾਂਚ ਸ਼ੁਰੂ ਕਰ ਦਿੱਤੀ ਹੈ, ਪਰ ਜ਼ਖਮੀ ਨੌਜਵਾਨ ਦੀ ਹਾਲਤ ਗੰਭੀਰ ਹੋਣ ਕਰਕੇ ਉਸ ਨੂੰ ਚੰਡੀਗੜ੍ਹ ਪੀ. ਜੀ. ਆਈ. ਰੈਫ਼ਰ ਕੀਤਾ ਗਿਆ ਹੈ।