ਚੰਡੀਗੜ੍ਹ ਨਿਗਮ ਹਾਊਸ ’ਚ ਹੰਗਾਮਾ


ਚੰਡੀਗੜ੍ਹ, 29 ਜੁਲਾਈ (ਸੰਦੀਪ)- ਚੰਡੀਗੜ੍ਹ ਨਿਗਮ ਹਾਊਸ ਦੀ ਅੱਜ ਹੋਈ ਮੀਟਿੰਗ ਦੌਰਾਨ ਸੈਨੀਟੇਸ਼ਨ ਵਿੰਗ ਦੇ ਕਰਮਚਾਰੀਆਂ ਦੀ ਤਨਖ਼ਾਹ ਨੂੰ ਲੈ ਕੇ ਸਦਨ ਵਿਚ ਹੰਗਾਮਾ ਹੋ ਗਿਆ ਤੇ ਸਾਰੀ ਪਾਰਟੀਆਂ ਦੇ ਕੌਂਸਲਰਾਂ ਨੇ ਜ਼ਿੰਮੇਵਾਰ ਅਧਿਕਾਰੀਆਂ ’ਤੇ ਕਾਰਵਾਈ ਦੀ ਮੰਗ ਕੀਤੀ। ਪਿਛਲੇ ਦਿਨੀਂ ਸੀਨੀਅਰ ਡਿਪਟੀ ਮੇਅਰ ਜਸਬੀਰ ਸਿੰਘ ਬੰਟੀ, ਡਿਪਟੀ ਮੇਅਰ ਤਰੁਣਾ ਮਹਿਤਾ ਅਤੇ ਆਪ ਕੌਂਸਲਰ ਪ੍ਰੇਮ ਲਤਾ ਵਲੋਂ ਠੋਸ ਰਹਿੰਦ ਖੂਹੰਦ ਪਲਾਂਟ ਦੇ ਕੀਤੇ ਗਏ ਦੌਰੇ ਸੰਬੰਧੀ ਨਿਗਮ ਹਾਊਸ ਮੀਟਿੰਗ ਵਿਚ ਨਿਗਮ ਪ੍ਰਸ਼ਾਸ਼ਨ ਦੀ ਅਣਗਿਹਲੀ ਬਾਰੇ ਪਰਦਾਫਾਸ਼ ਕੀਤਾ ਗਿਆ ਸੀ, ਜਿਸ ਬਾਬਤ ਅੱਜ ਉਨ੍ਹਾਂ ਵਲੋਂ ਮੇਅਰ ਅਤੇ ਨਿਗਮ ਕਮਿਸ਼ਨਰ ਤੋਂ ਸੰਬੰਧਿਤ ਅਧਿਕਾਰੀਆਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਸੀ ਤਾਂ ਭਾਜਪਾ ਕੌਂਸਲਰ ਕਮਲਜੀਤ ਸਿੰਘ ਨੇ ਇਸ ਦੌਰੇ ’ਤੇ ਇਤਰਾਜ਼ ਜਤਾਇਆ, ਜਿਸ ਤੋਂ ਬਾਅਦ ਸਦਨ ’ਚ ਹੰਗਾਮਾ ਸ਼ੂਰੂ ਹੋ ਗਿਆ।
ਮੇਅਰ ਵਲੋਂ ਕੋਈ ਜਵਾਬ ਨਾ ਦਿੱਤੇ ਜਾਣ ਤੋਂ ਬਾਅਦ ਕਾਂਗਰਸੀ ਕੌਂਸਲਰਾਂ ਨੇ ਸਦਨ ਦੀ ਕਾਰਵਾਈ ’ਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ। ਕਾਂਗਰਸੀ ਕੌਂਸਲਰਾਂ ਵਲੋਂ ਕਾਰਵਾਈ ਨਾ ਚੱਲਣ ਦੇਣ ਕਾਰਨ ਮੇਅਰ ਨੇ ਸਦਨ ਦੀ ਕਾਰਵਾਈ 5 ਮਿੰਟ ਲਈ ਮੁਲਤਵੀ ਕਰ ਦਿੱਤੀ।