ਜੰਮੂ-ਕਸ਼ਮੀਰ: ਪਾਕਿ ਗੋਲੀਬਾਰੀ ’ਚ ਆਪਣੇ ਮਾਪਿਆਂ ਨੂੰ ਗੁਆਉਣ ਵਾਲੇ 22 ਬੱਚਿਆਂ ਦਾ ਖਰਚਾ ਚੁੱਕਣਗੇ ਰਾਹੁਲ ਗਾਂਧੀ

ਰਾਜੌਰੀ/ਜੰਮੂ, 29 ਜੁਲਾਈ - ਸੀਨੀਅਰ ਕਾਂਗਰਸ ਆਗੂ ਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਉਨ੍ਹਾਂ 22 ਬੱਚਿਆਂ ਦੀ ਸਿੱਖਿਆ ਦਾ ਖਰਚਾ ਚੁੱਕਣਗੇ, ਜਿਨ੍ਹਾਂ ਨੇ ਆਪ੍ਰੇਸ਼ਨ ਸੰਧੂਰ ਦੌਰਾਨ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿਚ ਕੰਟਰੋਲ ਰੇਖਾ (ਐਲ.ਓ.ਸੀ.) ’ਤੇ ਪਾਕਿਸਤਾਨੀ ਗੋਲੀਬਾਰੀ ਵਿਚ ਆਪਣੇ ਮਾਪਿਆਂ ਵਿਚੋਂ ਇਕ ਜਾਂ ਦੋਵਾਂ ਨੂੰ ਗੁਆ ਦਿੱਤਾ ਸੀ। ਇਹ ਜਾਣਕਾਰੀ ਇਕ ਪਾਰਟੀ ਨੇਤਾ ਨੇ ਸਾਂਝੀ ਕੀਤੀ।
ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਤਾਰਿਕ ਹਮੀਦ ਕਰਾ ਨੇ ਕਿਹਾ ਕਿ ਪਾਕਿਸਤਾਨੀ ਗੋਲਾਬਾਰੀ ਵਿਚ ਪੁੰਣਛ ਅਤੇ ਰਾਜੌਰੀ ਵਿਚ (7 ਤੋਂ 10 ਮਈ ਦੇ ਵਿਚਕਾਰ) ਬਹੁਤ ਸਾਰੇ ਨਾਗਰਿਕ ਮਾਰੇ ਗਏ ਅਤੇ ਜਾਇਦਾਦਾਂ ਨੂੰ ਨੁਕਸਾਨ ਪਹੁੰਚਿਆ। ਵਿਨਾਸ਼ਕਾਰੀ ਗੋਲਾਬਾਰੀ ਤੋਂ ਬਾਅਦ ਰਾਹੁਲ ਗਾਂਧੀ ਨੇ ਪੁੰਣਛ ਦਾ ਦੌਰਾ ਕੀਤਾ ਅਤੇ ਸੋਗ ਮਨਾਉਣ ਵਾਲੇ ਪਰਿਵਾਰਾਂ ਨੂੰ ਮਿਲਣ ਗਏ। ਉਨ੍ਹਾਂ ਨੇ ਸਾਨੂੰ ਸਕੂਲ ਜਾਣ ਵਾਲੇ ਬੱਚਿਆਂ ਦੀ ਸੂਚੀ ਤਿਆਰ ਕਰਨ ਲਈ ਕਿਹਾ, ਜਿਨ੍ਹਾਂ ਨੇ ਇਕ ਜਾਂ ਦੋਵਾਂ ਮਾਪਿਆਂ ਨੂੰ ਗੁਆ ਦਿੱਤਾ, ਖਾਸ ਕਰਕੇ ਰੋਟੀ ਕਮਾਉਣ ਵਾਲੇ ਅਤੇ ਇਸ ਅਨੁਸਾਰ ਅਸੀਂ ਉਨ੍ਹਾਂ ਨੂੰ ਸੂਚੀ ਸੌਂਪ ਦਿੱਤੀ।
ਉਨ੍ਹਾਂ ਕਿਹਾ ਕਿ ਪਾਰਟੀ ਕੋਲ ਇਕੱਲੇ ਪੁੰਣਛ ਜ਼ਿਲ੍ਹੇ ਵਿਚ ਅਜਿਹੇ 22 ਬੱਚਿਆਂ ਦੀ ਸੂਚੀ ਹੈ ਅਤੇ ਤਿੰਨ ਦਿਨਾਂ ਦੌਰੇ ਦੇ ਅੰਤ ਵਿਚ ਅਜਿਹੇ ਹੋਰ ਬੱਚਿਆਂ ਨੂੰ ਸ਼ਾਮਿਲ ਕੀਤਾ ਜਾ ਸਕਦਾ ਹੈ।
ਭਾਰਤੀ ਹਥਿਆਰਬੰਦ ਬਲਾਂ ਵਲੋਂ 22 ਅਪ੍ਰੈਲ ਨੂੰ ਪਹਿਲਗਾਮ ਅੱਤਵਾਦੀ ਹਮਲੇ ਦੇ ਬਦਲੇ ਵਿਚ ਮਈ ਵਿਚ ਆਪ੍ਰੇਸ਼ਨ ਸੰਧੂਰ ਤਹਿਤ ਸਰਹੱਦ ਪਾਰ ਅੱਤਵਾਦੀ ਬੁਨਿਆਦੀ ਢਾਂਚੇ ’ਤੇ ਮਿਜ਼ਾਈਲ ਹਮਲੇ ਕੀਤੇ ਜਾਣ ਤੋਂ ਬਾਅਦ ਜੰਮੂ ਅਤੇ ਕਸ਼ਮੀਰ ਵਿਚ ਪਾਕਿਸਤਾਨੀ ਗੋਲਾਬਾਰੀ ਅਤੇ ਡਰੋਨ ਹਮਲਿਆਂ ਵਿਚ 28 ਮੌਤਾਂ ਵਿਚੋਂ ਇਕੱਲੇ ਪੁੰਣਛ ਜ਼ਿਲ੍ਹੇ ਵਿਚ 13 ਨਾਗਰਿਕਾਂ ਦੀ ਮੌਤ ਹੋਈ, ਜਿਸ ਵਿਚ 26 ਵਿਅਕਤੀ, ਜ਼ਿਆਦਾਤਰ ਸੈਲਾਨੀ ਮਾਰੇ ਗਏ ਸਨ।
ਕਰਾ ਨੇ ਕਿਹਾ ਕਿ ਉਹ ਪੁੰਣਛ ਦਾ ਦੌਰਾ ਕਰ ਰਹੇ ਹਨ ਤਾਂ ਜੋ ਵਿਰੋਧੀ ਧਿਰ ਦੇ ਨੇਤਾ ਵਲੋਂ ਪ੍ਰਭਾਵਿਤ ਬੱਚਿਆਂ ਦੀ ਸਿੱਖਿਆ ਲਈ ਭੇਜੀ ਗਈ ਵਿੱਤੀ ਸਹਾਇਤਾ ਸੌਂਪੀ ਜਾ ਸਕੇ।
ਉਨ੍ਹਾਂ ਕਿਹਾ ਕਿ ਇਹ ਇਕ ਪਹਿਲ ਹੈ, ਜਿਸ ਦਾ ਉਦੇਸ਼ ਬੱਚਿਆਂ ਲਈ ਮਦਦ ਦਾ ਹੱਥ ਵਧਾਉਣਾ ਹੈ ਤਾਂ ਜੋ ਉਨ੍ਹਾਂ ਦੀ ਪੜ੍ਹਾਈ ਪ੍ਰਭਾਵਿਤ ਨਾ ਹੋਵੇ।