ਅੱਧਾ ਘੰਟਾ ਪਏ ਮੀਂਹ ਨੇ ਬਠਿੰਡਾ ਕੀਤਾ ਜਲ-ਥਲ

ਬਠਿੰਡਾ, 29 ਜੁਲਾਈ (ਅੰਮ੍ਰਿਤਪਾਲ ਸਿੰਘ ਵਲਾਣ)-ਅੱਜ ਬਾਅਦ ਦੁਪਹਿਰ ਅੱਧਾ ਘੰਟਾ ਪਏ ਮੀਂਹ ਨੇ ਬਠਿੰਡਾ ਸ਼ਹਿਰ ਨੂੰ ਜਲ-ਥਲ ਕਰ ਦਿੱਤਾ। ਹਾਲਾਂਕਿ ਮੀਂਹ ਨਾਲ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਹੁੰਮਸ ਭਰੀ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ ਹੈ ਪਰ ਮੀਂਹ ਕਾਰਨ ਸ਼ਹਿਰ ਦੇ ਨੀਵੇਂ ਇਲਾਕੇ ਪਾਣੀ ਨਾਲ ਭਰ ਗਏ ਹਨ, ਜਿਸ ਕਾਰਨ ਵਾਹਨ ਚਾਲਕਾਂ ਖਾਸ ਕਰਕੇ ਦੋਪਹੀਆਂ ਅਤੇ ਪੈਦਲ ਜਾਣ ਵਾਲਿਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਸ਼ਹਿਰ ਦੀ ਪਾਵਰ ਹਾਊਸ ਰੋਡ, ਮਾਲ ਰੋਡ, ਸਿਰਕੀ ਬਾਜ਼ਾਰ, ਭੱਟੀ ਰੋਡ ਅਤੇ ਪਰਸ ਰਾਮ ਨਗਰ ਮੁੱਖ ਰੋਡ ਸਮੇਤ ਹੋਰ ਸੜਕਾਂ 'ਤੇ ਪਾਣੀ ਭਰ ਗਿਆ, ਜਿਥੋਂ ਲੰਘਣ ਵਾਲੇ ਵਾਹਨ ਚਾਲਕਾਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।