ਪਿੰਡ ਰਾਏਸਰ ਵਿਖੇ ਕਿਸਾਨ ਦੇ ਖੇਤ 'ਚ ਕੰਮ ਕਰਦੇ ਜ਼ਖਮੀ ਮਜ਼ਦੂਰ ਦੀ ਮੌਤ

ਮਹਿਲ ਕਲਾਂ, 30 ਜੁਲਾਈ (ਅਵਤਾਰ ਸਿੰਘ ਅਣਖੀ)-ਪਿੰਡ ਰਾਏਸਰ ਪਟਿਆਲਾ (ਬਰਨਾਲਾ) 'ਚ ਇਕ ਮਜ਼ਦੂਰ ਨੌਜਵਾਨ ਦੇ ਗੰਭੀਰ ਰੂਪ ਵਿਚ ਜ਼ਖਮੀ ਹੋਣ ਉਪਰੰਤ ਇਲਾਜ ਅਧੀਨ ਮੌਤ ਹੋਣ ਦਾ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਨੌਜਵਾਨ ਦੀ ਭਰਜਾਈ ਰਾਜ ਕੌਰ, ਭਤੀਜੇ ਵਿਕੀ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਨੌਜਵਾਨ ਜਗਸੀਰ ਸਿੰਘ (35) ਪੁੱਤਰ ਹੰਸਾ ਸਿੰਘ ਵਾਸੀ ਰਾਏਸਰ ਪਟਿਆਲਾ (ਬਰਨਾਲਾ) ਜੋ ਪਿੰਡ ਦੇ ਇਕ ਕਿਸਾਨ ਦੇ ਖੇਤ 'ਚ ਆਚਾਰ ਬਣਾਉਣ ਦਾ ਕੰਮ ਕਰਨ ਗਿਆ ਸੀ। ਉਥੇ ਟਰੈਕਟਰ ਨਾਲ ਵਾਪਰੇ ਹਾਦਸੇ 'ਚ ਉਸ ਨੂੰ ਗੰਭੀਰ ਰੂਪ ਵਿਚ ਜ਼ਖਮੀ ਹਾਲਤ 'ਚ ਬਰਨਾਲਾ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਕਿਸਾਨ ਦੇ ਬੰਦੇ ਇਹ ਕਹਿ ਕੇ ਬਰਨਾਲਾ ਲੈ ਗਏ ਕਿ ਨੌਜਵਾਨ ਜਗਸੀਰ ਸਿੰਘ ਦੇ ਟਰੈਕਟਰ ਤੋਂ ਡਿੱਗਣ ਨਾਲ ਸੱਟਾਂ ਵੱਜੀਆਂ ਹਨ। ਜਦੋਂ ਅਸੀਂ ਬਰਨਾਲਾ ਦੇ ਇਕ ਪ੍ਰਾਈਵੇਟ ਹਸਪਤਾਲ ਵਿਖੇ ਪਹੁੰਚੇ ਤਾਂ ਡਾਕਟਰਾਂ ਨੇ ਸਾਨੂੰ ਉਸ ਦੇ ਨੇੜੇ ਵੀ ਨਹੀਂ ਜਾਣ ਦਿੱਤਾ। ਦੂਰੋਂ ਹੀ ਬੈੱਡ ਉਤੇ ਪਿਆ ਦਿਖਾਇਆ ਗਿਆ।
ਸਾਨੂੰ ਇਹ ਕਹਿ ਕੇ ਵਾਪਸ ਘਰ ਭੇਜ ਦਿੱਤਾ ਕਿ ਤੁਹਾਨੂੰ ਫਿਰ ਲਿਆ ਕੇ ਮਿਲਾ ਦੇਵਾਂਗੇ। ਅੱਜ ਸਾਨੂੰ ਦੁਖਭਰੀ ਖਬਰ ਮਿਲੀ ਕਿ ਨੌਜਵਾਨ ਜਗਸੀਰ ਸਿੰਘ ਦੀ ਮੌਤ ਹੋ ਗਈ ਹੈ। ਥਾਣਾ ਮਹਿਲ ਕਲਾਂ ਪੁਲਿਸ ਨੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਰਨਾਲਾ ਭੇਜਿਆ ਹੈ। ਮ੍ਰਿਤਕ ਨੌਜਵਾਨ ਦਾ ਅੰਤਿਮ ਸੰਸਕਾਰ 31 ਜੁਲਾਈ, ਵੀਰਵਾਰ ਨੂੰ ਕੀਤਾ ਜਾਣਾ ਹੈ। ਇਹ ਵੀ ਪਤਾ ਲੱਗਾ ਹੈ ਕਿ ਮ੍ਰਿਤਕ ਨੌਜਵਾਨ ਦੀ ਪਤਨੀ ਮਾਨਸਿਕ ਪ੍ਰੇਸ਼ਾਨੀ ਕਰਕੇ ਬੀਮਾਰ ਰਹਿੰਦੀ ਹੈ। ਉਸ ਦੇ ਪਿੱਛੇ ਇਕ ਨੌਜਵਾਨ ਲੜਕੀ ਅਤੇ ਬੀਮਾਰੀ ਤੋਂ ਪੀੜਤ ਇਕ 12 ਸਾਲਾ ਲੜਕਾ ਹੈ। ਪੁਲਿਸ ਥਾਣਾ ਮਹਿਲ ਕਲਾਂ ਦੇ ਮੁੱਖ ਅਫ਼ਸਰ ਸ਼ੇਰਵਿੰਦਰ ਸਿੰਘ ਔਲਖ ਨੇ ਸੰਪਰਕ ਕਰਨ ਉਤੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਉਤੇ 194 ਦੀ ਕਾਰਵਾਈ ਅਮਲ 'ਚ ਲਿਆਂਦੀ ਗਈ ਹੈ।