JALANDHAR WEATHER

ਸਕੂਲ ਦੇ ਬਾਹਰੋਂ ਬੱਚੇ ਨੂੰ ਕੀਤਾ ਕਿਡਨੈਪ, ਪੁਲਿਸ ਵਲੋਂ 3 ’ਤੇ ਮਾਮਲਾ ਦਰਜ

ਪਠਾਨਕੋਟ 31 ਜੁਲਾਈ (ਵਿਨੋਦ)- ਦੋ ਬੱਚਿਆਂ ਦੀ ਲੜਾਈ ਦੇ ਵਿਚ ਇਕ ਬੱਚੇ ਦੇ ਰਿਸ਼ਤੇਦਾਰਾਂ ਵਲੋਂ ਦੂਸਰੇ ਬੱਚੇ ਨੂੰ ਕਿਡਨੈਪ ਕਰਨ ਦੇ ਬਾਅਦ ਪੁਲਿਸ ਵਲੋਂ ਤਿੰਨ ’ਤੇ ਮਾਮਲਾ ਦਰਜ ਕਰਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀ. ਐਸ. ਪੀ. ਸਿਟੀ ਸੁਮੀਰ ਸਿੰਘ ਮਾਨ ਨੇ ਦੱਸਿਆ ਕਿ ਪਠਾਨਕੋਟ ਦੇ ਦੋ ਬੱਚੇ ਢਾਕੀ ਰੋਡ ਸਰਕਾਰੀ ਸਕੂਲ ਵਿਚ ਪੜ੍ਹਦੇ ਸਨ, ਜਿਨ੍ਹਾਂ ਦੀ ਆਪਸ ਵਿਚ ਲੜਾਈ ਹੋ ਗਈ, ਜਿਸ ਤੋਂ ਬਾਅਦ ਇਕ ਬੱਚੇ ਦੇ ਰਿਸ਼ਤੇਦਾਰਾਂ ਵਲੋਂ ਦੂਸਰੇ ਬੱਚੇ ਨੂੰ ਸਕੂਲ ਦੇ ਬਾਹਰ ਪਹਿਲਾਂ ਕੁੱਟਿਆ ਗਿਆ, ਫਿਰ ਬਾਅਦ ਵਿਚ ਮੋਟਰਸਾਈਕਲ ’ਤੇ ਕਿਡਨੈਪ ਕਰ ਲੈ ਗਏ। ਜਿਸ ਸੰਬੰਧੀ ਇੱਕ ਵੀਡੀਓ ਵੀ ਵਾਇਰਲ ਹੋਈ ਸੀ। ਉਨ੍ਹਾਂ ਦੱਸਿਆ ਕਿ ਇਸ ਘਟਨਾ ਨੂੰ ਪੁਲਿਸ ਵਲੋਂ ਗੰਭੀਰਤਾ ਨਾਲ ਲੈਂਦੇ ਹੋਏ ਕਿਡਨੈਪ ਕਰਨ ਵਾਲੇ 3 ਦੋਸ਼ੀਆਂ ਦੇ ਖਿਲਾਫ਼ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਹੈ।

ਉਨ੍ਹਾਂ ਦੱਸਿਆ ਕਿ ਪੀੜਤ ਬੱਚੇ ਦੀ ਮਾਤਾ ਸ਼ੀਤਲ ਅਤੇ ਪਿਤਾ ਦੀਪਕ ਦੇ ਬਿਆਨਾਂ ਦੇ ਆਧਾਰ ’ਤੇ ਪੁਲਿਸ ਵਲੋਂ ਥਾਣਾ ਡਵੀਜ਼ਨ ਨੰਬਰ ਦੋ ਵਿਚ ਜਸਪਾਲ ਪੁੱਤਰ ਜੀਤ ਰਾਮ ਵਾਸੀ ਬਜਰੀ ਕੰਪਨੀ ਪਠਾਨਕੋਟ, ਸ਼ੁਭਾਸ਼ ਪੁੱਤਰ ਅਸ਼ਵਨੀ ਕੁਮਾਰ ਵਾਸੀ ਲਮੀਨੀ ਪਠਾਨਕੋਟ ਅਤੇ ਲੜਾਈ ਵਿਚ ਸ਼ਾਮਿਲ ਬੱਚੇ ਦੇ ਖਿਲਾਫ਼ ਹੀ ਮਾਮਲਾ ਦਰਜ ਕੀਤਾ ਗਿਆ ਅਤੇ ਦੋਸ਼ੀਆਂ ਦੇ ਖਿਲਾਫ਼ ਧਾਰਾ 115(2), 140(4), 3/5 ਦੇ ਤਹਿਤ ਥਾਣਾ ਡਵੀਜ਼ਨ ਨੰਬਰ ਦੋ ਵਿਚ ਮਾਮਲਾ ਦਰਜ ਕਰਕੇ ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਡੀ.ਐਸ.ਪੀ. ਨੇ ਦੱਸਿਆ ਕਿ ਦੋਸ਼ੀਆਂ ਵਲੋਂ ਬੱਚੇ ਨੂੰ ਕਿਡਨੈਪ ਕਰ ਕੁੱਟਣਾ ਇਕ ਵੱਡਾ ਜ਼ੁਰਮ ਹੈ, ਜਿਸ ਨੂੰ ਪੁਲਿਸ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੀ ਅਤੇ ਦੋਸ਼ੀਆਂ ਖਿਲਾਫ਼ ਸਖਤ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ, ਤਾਂ ਜੋ ਅਗਾਂਹ ਤੋਂ ਕੋਈ ਵੀ ਅਜਿਹੀ ਹਰਕਤ ਨਾ ਕਰ ਸਕੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ