ਹਥਿਆਰਾਂ ਦੀ ਨੋਕ ’ਤੇ ਖੋਹਿਆ ਟਰੈਕਟਰ
ਓਠੀਆ, (ਅੰਮ੍ਰਿਤਸਰ), 1 ਅਗਸਤ (ਗੁਰਵਿੰਦਰ ਸਿੰਘ ਛੀਨਾ)- ਜ਼ਿਲ੍ਹਾ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਅਧੀਨ ਪੈਂਦੇ ਪਿੰਡ ਓਠੀਆਂ ਤੋਂ ਲੁਟੇਰਿਆਂ ਵਲੋਂ ਹਥਿਆਰਾਂ ਦੀ ਨੋਕ ’ਤੇ ਟਰੈਕਟਰ ਖੋਹਣ ਦਾ ਸਮਾਚਾਰ ਹੈ। ਇਸ ਸੰਬੰਧੀ ਪਿੰਡ ਰੱਖ ਓਠੀਆਂ ਦੇ ਸਾਬਕਾ ਸਰਪੰਚ ਜਸਵੰਤ ਸਿੰਘ ਨੇ ਦੱਸਿਆ ਕਿ ਮੇਰੇ ਭਰਾ ਸਤਨਾਮ ਸਿੰਘ ਦਾ ਲੜਕਾ ਓਠੀਆਂ ਵਿਖੇ ਸਵਰਾਜ ਟਰੈਕਟਰ 855 ’ਤੇ ਮੇਲਾ ਵੇਖਣ ਲਈ ਆ ਰਿਹਾ ਸੀ ਤਾਂ ਉਸ ਨੂੰ ਓਠੀਆਂ ਬਾਈਪਾਸ ਤੋਂ 7-8 ਹਥਿਆਰ ਬੰਦ ਲੁਟੇਰਿਆਂ ਨੇ ਸਵਿਫਟ ਗੱਡੀ ਵਿਚ ਆ ਕੇ ਉਸ ਨੂੰ ਰੋਕ ਕੇ ਹਥਿਆਰਾਂ ਦੀ ਨੋਕ ’ਤੇ ਉਸ ਕੋਲੋ ਟਰੈਕਟਰ ਖੋਹ ਲਿਆ ਅਤੇ ਫਰਾਰ ਹੋ ਗਏ।
ਇਸ ਦੀ ਅਸੀਂ ਕਾਫ਼ੀ ਭਾਲ ਕੀਤੀ ਪਰ ਉਨ੍ਹਾਂ ਦਾ ਕੋਈ ਥਹੁ ਪਤਾ ਨਹੀ ਲੱਗਾ ਕਿ ਉਹ ਟਰੈਕਟਰ ਲੈ ਕੇ ਕਿੱਥੇ ਫਰਾਰ ਹੋ ਗਏ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇਸ ਸੰਬੰਧੀ ਅਸੀਂ ਪੁਲਿਸ ਚੌਂਕੀ ਓਠੀਆਂ ਵਿਖੇ ਦਰਖਾਸਤ ਵੀ ਦਿੱਤੀ ਹੈ ਅਤੇ ਮੰਗ ਕੀਤੀ ਕਿ ਸਾਡਾ ਟਰੈਕਟਰ ਜਲਦੀ ਤੋਂ ਜਲਦੀ ਲੱਭ ਕੇ ਦੋਸ਼ੀਆਂ ’ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ।