JALANDHAR WEATHER

ਪਾਕਿਸਤਾਨ ਦੇ ਲਾਹੌਰ ਨੇੜੇ ਯਾਤਰੀ ਰੇਲਗੱਡੀ ਦੇ 10 ਡੱਬੇ ਪਟੜੀ ਤੋਂ ਉਤਰੇ, ਘੱਟੋ-ਘੱਟ 30 ਜ਼ਖਮੀ

ਨਵੀਂ ਦਿੱਲੀ, 2 ਜੁਲਾਈ -ਅਧਿਕਾਰੀਆਂ ਨੇ ਸ਼ਨੀਵਾਰ ਨੂੰ ਪੁਸ਼ਟੀ ਕੀਤੀ ਕਿ ਸ਼ੁੱਕਰਵਾਰ ਸ਼ਾਮ ਨੂੰ ਲਾਹੌਰ ਨੇੜੇ ਇਸਲਾਮਾਬਾਦ ਐਕਸਪ੍ਰੈਸ ਦੇ ਕਈ ਡੱਬੇ ਪਟੜੀ ਤੋਂ ਉਤਰਨ ਕਾਰਨ ਘੱਟੋ-ਘੱਟ 30 ਯਾਤਰੀ ਜ਼ਖਮੀ ਹੋ ਗਏ। ਜ਼ਖਮੀ ਯਾਤਰੀਆਂ ਵਿਚੋਂ ਤਿੰਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪਾਕਿਸਤਾਨ ਰੇਲਵੇ ਦੇ ਅਨੁਸਾਰ ਰੇਲਗੱਡੀ ਲਾਹੌਰ ਤੋਂ ਰਾਵਲਪਿੰਡੀ ਜਾ ਰਹੀ ਸੀ ਜਦੋਂ ਇਹ ਲਾਹੌਰ ਤੋਂ ਲਗਭਗ 50 ਕਿਲੋਮੀਟਰ ਦੂਰ ਸ਼ੇਖੂਪੁਰਾ ਦੇ ਕਾਲਾ ਸ਼ਾਹ ਕਾਕੂ ਵਿਖੇ ਪਟੜੀ ਤੋਂ ਦਸ ਡੱਬੇ ਉਤਰ ਗਏ।
ਇਸ ਦੌਰਾਨ ਬਚਾਅ ਟੀਮਾਂ ਨੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਜ਼ਖਮੀਆਂ ਨੂੰ ਨੇੜਲੇ ਹਸਪਤਾਲ ਪਹੁੰਚਾਇਆ। ਪਟੜੀ ਤੋਂ ਉਤਰੇ ਡੱਬਿਆਂ ਵਿਚ ਫਸੇ ਯਾਤਰੀਆਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਹੁਣ ਤੱਕ ਕਿਸੇ ਦੀ ਮੌਤ ਦੀ ਰਿਪੋਰਟ ਨਹੀਂ ਹੈ। ਰੇਲਗੱਡੀ ਦੇ ਲਾਹੌਰ ਸਟੇਸ਼ਨ ਤੋਂ ਰਵਾਨਾ ਹੋਣ ਤੋਂ ਲਗਭਗ 30 ਮਿੰਟ ਬਾਅਦ ਪਟੜੀ ਤੋਂ ਉਤਰਨ ਦੀ ਘਟਨਾ ਵਾਪਰੀ। ਰੇਲਵੇ ਮੰਤਰੀ ਮੁਹੰਮਦ ਹਨੀਫ ਅੱਬਾਸੀ ਨੇ ਰੇਲਵੇ ਦੇ ਸੀ.ਈ.ਓ. ਅਤੇ ਡਿਵੀਜ਼ਨਲ ਸੁਪਰਡੈਂਟ ਨੂੰ ਘਟਨਾ ਸਥਾਨ ਦਾ ਦੌਰਾ ਕਰਨ ਅਤੇ ਕਾਰਜਾਂ ਦੀ ਨਿਗਰਾਨੀ ਕਰਨ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਨੇ ਘਟਨਾ ਦੀ ਜਾਂਚ ਦੇ ਨਿਰਦੇਸ਼ ਵੀ ਦਿੱਤੇ ਹਨ, ਜਿਸਦੀ ਰਿਪੋਰਟ ਸੱਤ ਦਿਨਾਂ ਦੇ ਅੰਦਰ-ਅੰਦਰ ਸੌਂਪੀ ਜਾਵੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ