12 ਘੰਟਿਆਂ ਵਿਚ ਦੋ ਗੁਣਾ ਵਧਿਆ ਦਰਿਆ ਬਿਆਸ ਦਾ ਪਾਣੀ

ਢਿਲਵਾਂ, (ਕਪੂਰਥਲਾ), 2 ਅਗਸਤ (ਪ੍ਰਵੀਨ ਕੁਮਾਰ, ਗੋਬਿੰਦ ਸੁਖੀਜਾ)- ਹਿਮਾਚਲ ਪ੍ਰਦੇਸ਼ ਦੇ ਪਹਾੜੀ ਖੇਤਰਾਂ ਵਿਚ ਹੋ ਰਹੀਆਂ ਭਾਰੀ ਬਾਰਸ਼ਾਂ ਅਤੇ ਬੱਦਲ ਫੱਟਣ ਦੀਆਂ ਘਟਨਾਵਾਂ ਦੇ ਕਾਰਨ ਹਿਮਾਚਲ ਵਿਚਲੀਆਂ ਨਦੀਆਂ ਨਾਲਿਆਂ ਵਿਚ ਵੱਡੀ ਮਾਤਰਾ ਵਿਚ ਪਾਣੀ ਆਉਣ ’ਤੇ ਸੜਕਾਂ ਦੇ ਬੰਦ ਹੋਣ ਨਾਲ ਜਿੱਥੇ ਆਮ ਜਨ-ਜੀਵਨ ਬੁਰੀ ਤਰਾਂ ਨਾਲ ਪ੍ਰਭਾਵਿਤ ਹੋਇਆ ਹੈ, ਉੱਥੇ ਡੈਮਾਂ ਵਿਚ ਵੀ ਲਗਾਤਾਰ ਤੇਜ਼ੀ ਨਾਲ ਪਾਣੀ ਦਾ ਪੱਧਰ ਵੱਧ ਰਿਹਾ ਹੈ, ਜਿਸ ਕਾਰਨ ਦਰਿਆ ਬਿਆਸ ਵਿਚ ਆਮ ਨਾਲੋਂ ਪਾਣੀ ਦੇ ਪੱਧਰ ਵਿਚ ਵਾਧਾ ਦਰਜ ਕੀਤਾ ਗਿਆ ਹੈ।
ਦੱਸ ਦੇਈਏ ਕਿ ਦਰਿਆ ਬਿਆਸ ਵਿਚ ਇਸ ਸੀਜ਼ਨ ਦੀ ਪਾਣੀ ਦੀ ਰਿਕਾਰਡ ਆਮਦ ਹੋਈ ਹੈ। ਇਸ ਸੰਬੰਧੀ ਦਰਿਆ ਬਿਆਸ ’ਤੇ ਬਣੀ ਡਿਸਚਾਰਜ ਐਰਿਗੇਸ਼ਨ ਵਿਭਾਗ ਦੇ ਗੇਜ ਰੀਡਰ ਉਮੈਦ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ 10 ਵਜੇ 738.70 ਗੇਜ ਤੇ 74623 ਕਿਊਸਿਕ ਪਾਣੀ ਰਿਕਾਰਡ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਲੰਘੀ ਸ਼ਾਮ 6 ਵਜੇ ਦੇ ਕਰੀਬ 36 ਹਜ਼ਾਰ ਕਿਊਸਿਕ ਪਾਣੀ ਰਿਕਾਰਡ ਕੀਤਾ ਗਿਆ ਸੀ, ਦੱਸ ਦੇਈਏ ਕਿ ਦਰਿਆ ਬਿਆਸ ’ਤੇ ਬਣੀ ਗੇਜ਼ ਅਨੁਸਾਰ 740.00 ’ਤੇ ਵਿਭਾਗ ਵਲੋਂ ਯੈਲੋ ਅਲਰਟ ਮਾਪਿਆ ਗਿਆ ਹੈ ਅਤੇ 744.00 ਤੇ ਰੈੱਡ ਅਲਰਟ ਹੈ, ਜੇਕਰ ਆਉਂਦੇ ਦਿਨਾਂ ਦੌਰਾਨ ਪੋਂਗ ਡੈਮ ਵਿਚ ਵਿਚ ਪਾਣੀ ਦੇ ਪੱਧਰ ਵਿਚ ਇਸੇ ਤਰ੍ਹਾਂ ਲਗਾਤਾਰ ਵਾਧਾ ਹੁੰਦਾ ਹੈ ਤਾਂ ਉਸ ਦਾ ਸਿੱਧਾ ਅਸਰ ਦਰਿਆ ਬਿਆਸ ’ਤੇ ਪੈਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ।
ਜ਼ਿਕਰਯੋਗ ਹੈ ਕਿ ਜਦੋਂ ਵੀ ਦਰਿਆ ਬਿਆਸ ਵਿਚ ਪਾਣੀ ਵੱਧਦਾ ਹੈ ਤਾਂ ਉਸ ਦਾ ਸਿੱਧਾ ਅਸਰ ਦਰਿਆ ਦੇ ਨਾਲ ਲੱਗਦੇ ਮੰਡ ਖ਼ੇਤਰ ਵਿਚਲੀਆਂ ਵਾਹੀਯੋਗ ਜ਼ਮੀਨਾਂ ’ਤੇ ਪੈਂਦਾ ਹੈ ।