ਬੀ.ਕੇ.ਯੂ. ਏਕਤਾ ਆਜ਼ਾਦ ਦੀ 5 ਜ਼ਿਲ੍ਹਿਆਂ ਦੀ ਬੈਠਕ 'ਚ ਲੈਂਡ ਪੂਲਿੰਗ ਪਾਲਿਸੀ ਖਿਲਾਫ 11 ਨੂੰ ਪੂਰੇ ਪੰਜਾਬ 'ਚ ਕੀਤੇ ਜਾਣਗੇ ਝੰਡਾ ਮਾਰਚ

ਸੰਗਰੂਰ, 2 ਅਗਸਤ (ਧੀਰਜ ਪਸ਼ੋਰੀਆ)-ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਵਲੋਂ ਸੂਬਾ ਪੱਧਰੀ ਮੀਟਿੰਗ ਸੂਬਾਈ ਆਗੂ ਲਖਬੀਰ ਸਿੰਘ ਦਾਉਧਰ ਦੀ ਅਗਵਾਈ ਹੇਠ ਪਿੰਡ ਮੰਗਵਾਲ ਵਿਖੇ ਕੀਤੀ ਗਈ। ਇਸ ਮੀਟਿੰਗ ਵਿਚ ਸੂਬਾਈ ਆਗੂ ਦਿਲਬਾਗ ਸਿੰਘ ਹਰੀਗੜ੍ਹ, ਗੁਰਮੇਲ ਸਿੰਘ ਮਹੌਲੀ, ਕਰਨੈਲ ਸਿੰਘ ਲੰਗ, ਜਸਵਿੰਦਰ ਸਿੰਘ ਲੌਂਗਵਾਲ ਅਤੇ ਔਰਤ ਵਿੰਗ ਦੀ ਪ੍ਰਧਾਨ ਬੀਬੀ ਬਲਜੀਤ ਕੌਰ ਕਿਲਾ ਭਰੀਆਂ ਦਵਿੰਦਰ ਕੌਰ ਹਰਦਾਸਪੁਰ ਆਦਿ ਆਗੂਆਂ ਨੇ ਸੰਬੋਧਨ ਕੀਤਾ। ਇਸ ਮੀਟਿੰਗ ਵਿਚ 5 ਜ਼ਿਲ੍ਹਿਆਂ ਦੇ ਸਰਗਰਮ ਆਗੂਆਂ ਅਤੇ ਵੱਡੀ ਗਿਣਤੀ ਵਿਚ ਕਿਸਾਨ ਬੀਬੀਆਂ ਨੇ ਸ਼ਮੂਲੀਅਤ ਕੀਤੀ।
11 ਅਗਸਤ ਨੂੰ ਪੂਰੇ ਪੰਜਾਬ ਵਿਚ ਬਲਾਕ ਪੱਧਰ ਉਤੇ ਝੰਡਾ ਮਾਰਚ ਕੀਤੇ ਜਾਣ ਦਾ ਐਲਾਨ ਕਰਦਿਆਂ ਕਿਸਾਨ ਆਗੂਆਂ ਨੇ ਆਮ ਆਦਮੀ ਪਾਰਟੀ ਵਲੋਂ ਲਿਆਂਦੀ ਜਾ ਰਹੀ ਲੈਂਡ ਪੂਲਿੰਗ ਪਾਲਿਸੀ ਨੂੰ ਕਿਸਾਨ, ਮਜ਼ਦੂਰ ਤੇ ਵੱਖ-ਵੱਖ ਵਰਗਾਂ ਖਿਲਾਫ ਦੱਸਦਿਆਂ ਕਿਹਾ ਕਿ ਇਹ ਸਮੁੱਚੇ ਪੰਜਾਬ ਦਾ ਨੁਕਸਾਨ ਕਰੇਗੀ ਤੇ ਦੇਸੀ-ਵਿਦੇਸ਼ੀ ਬਹੁ-ਕੌਮੀ ਕੰਪਨੀਆਂ ਨੂੰ ਮਾਲਾਮਾਲ ਕਰੇਗੀ। ਵੱਖ-ਵੱਖ ਥਾਵਾਂ ਉਤੇ ਕੰਪਨੀਆਂ ਦੇ ਅੱਡੇ ਬਣਾਉਣ ਤੋਂ ਬਾਅਦ ਸਮੁੱਚੇ ਪੰਜਾਬ ਦੀ ਜ਼ਮੀਨ ਉਤੇ ਹਮਲਾ ਕੀਤਾ ਜਾਵੇਗਾ। ਇਸ ਨੀਤੀ ਤਹਿਤ ਪੰਜਾਬ ਦੇ ਕਿਸਾਨਾਂ ਤੋਂ ਜ਼ਮੀਨਾਂ ਖੋਹ ਕੇ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕੀਤੀਆਂ ਜਾਣਗੀਆਂ। ਇਸੇ ਤਰ੍ਹਾਂ ਕੇਂਦਰ ਸਰਕਾਰ ਬਿਜਲੀ ਬੋਰਡ ਦਾ ਪੂਰਨ ਰੂਪ ਵਿਚ ਨਿੱਜੀਕਰਨ ਕਰਕੇ ਜਨਤਕ ਖੇਤਰ ਦੇ ਇਸ ਵੱਡੇ ਅਦਾਰੇ ਕੰਪਨੀਆਂ ਦੇ ਹਵਾਲੇ ਕਰਨ ਦੀ ਤਿਆਰੀ ਵਿਚ ਹੈ। ਕਿਸਾਨ ਆਗੂਆਂ ਨੇ ਕਿਸਾਨਾਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਤਿੱਖੇ ਸੰਘਰਸ਼ ਕੀਤੇ ਜਾਣਗੇ। ਮੀਟਿੰਗ ਵਿਚ ਸੂਬਾ ਆਗੂ ਗੁਰਦੇਵ ਸਿੰਘ ਗੱਜੂਮਾਜਰਾ, ਜ਼ਿਲ੍ਹਾ ਆਗੂ ਜਸਬੀਰ ਸਿੰਘ ਮੈਦੇਵਾਸ, ਸੁਖਦੇਵ ਸ਼ਰਮਾ, ਰਾਜ ਸਿੰਘ ਥੇੜੀ, ਰਾਜਪਾਲ ਸਿੰਘ ਮੰਗਵਾਲ, ਸੁਖਵਿੰਦਰ ਸਿੰਘ ਪੇਧਨੀ ਅਤੇ ਹੋਰ ਮੌਜੂਦ ਸਨ।