ਖਾਲਿਦ ਜਮੀਲ ਭਾਰਤੀ ਪੁਰਸ਼ ਫੁੱਟਬਾਲ ਟੀਮ ਦੇ ਮੁੱਖ ਕੋਚ ਨਿਯੁਕਤ

ਨਵੀਂ ਦਿੱਲੀ, 1 ਅਗਸਤ (ਪੀ.ਟੀ.ਆਈ.)-ਖਾਲਿਦ ਜਮੀਲ, ਜਿਨ੍ਹਾਂ ਨੇ 2017 'ਚ ਆਈਜ਼ੌਲ ਫੁੱਟਬਾਲ ਕਲੱਬ ਨੂੰ ਆਈ-ਲੀਗ ਖਿਤਾਬ ਦਿਵਾਉਣ ਲਈ ਮਹੱਤਵਪੂਰਨ ਭੂਮਿਕਾ ਨਿਭਾਈ ਸੀ, ਨੂੰ ਸ਼ੁੱਕਰਵਾਰ ਨੂੰ ਭਾਰਤੀ ਰਾਸ਼ਟਰੀ ਪੁਰਸ਼ ਫੁੱਟਬਾਲ ਟੀਮ ਦਾ ਮੁੱਖ ਕੋਚ ਨਿਯੁਕਤ ਕੀਤਾ ਗਿਆ, ਜੋ ਕਿ 13 ਸਾਲਾਂ 'ਚ ਇਸ ਵੱਕਾਰੀ ਅਹੁਦੇ 'ਤੇ ਕਾਬਜ਼ ਹੋਣ ਵਾਲਾ ਪਹਿਲਾ ਭਾਰਤੀ ਬਣ ਗਿਆ | 48 ਸਾਲਾ ਜਮੀਲ, ਜੋ ਕਿ ਇਕ ਸਾਬਕਾ ਅੰਤਰਰਾਸ਼ਟਰੀ ਖਿਡਾਰੀ ਹੈ ਤੇ ਵਰਤਮਾਨ 'ਚ ਇੰਡੀਅਨ ਸੁਪਰ ਲੀਗ ਟੀਮ ਜਮਸ਼ੇਦਪੁਰ ਐਫ.ਸੀ. ਦੇ ਇੰਚਾਰਜ ਹਨ, ਨੂੰ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ (ਏ.ਆਈ.ਐਫ.ਐਫ.) ਦੀ ਕਾਰਜਕਾਰੀ ਕਮੇਟੀ ਵਲੋਂ ਤਿੰਨ ਮੈਂਬਰੀ ਸ਼ਾਰਟਲਿਸਟ 'ਚੋਂ ਚੁਣਿਆ ਗਿਆ | ਬਾਕੀ 2 ਦਾਅਵੇਦਾਰ ਭਾਰਤ ਦੇ ਸਾਬਕਾ ਮੁੱਖ ਕੋਚ ਸਟੀਫਨ ਕਾਂਸਟੈਂਟਾਈਨ ਤੇ ਸਟੀਫਨ ਤਾਰਕੋਵਿਕ ਸਨ, ਜੋ ਪਹਿਲਾਂ ਸਲੋਵਾਕੀਆ ਰਾਸ਼ਟਰੀ ਟੀਮ ਦਾ ਪ੍ਰਬੰਧਨ ਕਰ ਚੁੱਕੇ ਸਨ | ਮਹਾਨ ਸਟਰਾਈਕਰ ਆਈ.ਐਮ. ਵਿਜਯਨ ਦੀ ਅਗਵਾਈ ਵਾਲੀ ਏ. ਆਈ. ਐਫ. ਐਫ. ਦੀ ਤਕਨੀਕੀ ਕਮੇਟੀ ਨੇ ਕਾਰਜਕਾਰੀ ਕਮੇਟੀ ਦੇ ਅੰਤਿਮ ਫੈਸਲੇ ਲਈ 3 ਉਮੀਦਵਾਰਾਂ ਨੂੰ ਸ਼ਾਰਟਲਿਸਟ ਕੀਤਾ ਸੀ | ਜ਼ਿਕਰਯੋਗ ਹੈ ਕਿ ਰਾਸ਼ਟਰੀ ਪੁਰਸ਼ ਟੀਮ ਦੇ ਮੁੱਖ ਕੋਚ ਵਜੋਂ ਸੇਵਾ ਨਿਭਾਉਣ ਵਾਲੇ ਆਖਰੀ ਭਾਰਤੀ ਸਾਵੀਓ ਮੇਡੀਰਾ ਸਨ, ਜਿਨ੍ਹਾਂ ਨੇ 2011 ਤੋਂ 2012 ਤੱਕ ਇਸ ਅਹੁਦੇ 'ਤੇ ਕੰਮ ਕੀਤਾ ਸੀ | ਜਮੀਲ ਦੀ ਨਵੀਂ ਭੂਮਿਕਾ 'ਚ ਪਹਿਲੀ ਜ਼ਿੰਮੇਵਾਰੀ ਕੇਂਦਰੀ ਏਸ਼ੀਅਨ ਫੁੱਟਬਾਲ ਐਸੋਸੀਏਸ਼ਨ (ਸੀ.ਏ.ਐਫ.ਏ.) ਨੇਸ਼ਨਜ਼ ਕੱਪ ਹੋਵੇਗੀ, ਜੋ 29 ਅਗਸਤ ਤੋਂ ਤਾਜਿਕਸਤਾਨ ਤੇ ਉਜ਼ਬੇਕਿਸਤਾਨ 'ਚ ਕਰਵਾਇਆ ਜਾਵੇਗਾ |