ਮਨੀ ਲਾਂਡਰਿੰਗ ਮਾਮਲਾ: ਈ.ਡੀ. ਵਲੋਂ ਅਨਿਲ ਅੰਬਾਨੀ ਨੂੰ ਸੰਮਨ ਜਾਰੀ

ਨਵੀਂ ਦਿੱਲੀ, 1 ਅਗਸਤ- ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਰਿਲਾਇੰਸ ਗਰੁੱਪ ਦੇ ਮੁਖੀ ਅਨਿਲ ਅੰਬਾਨੀ ਨੂੰ 5 ਅਗਸਤ ਨੂੰ ਪੁਛਗਿੱਛ ਲਈ ਤਲਬ ਕੀਤਾ ਹੈ। ਅਨਿਲ ਅੰਬਾਨੀ ਨੂੰ ਉਨ੍ਹਾਂ ਦੀਆਂ ਸਮੂਹ ਕੰਪਨੀਆਂ ਵਿਰੁੱਧ ਕਥਿਤ ਕਰਜ਼ਾ ਧੋਖਾਧੜੀ ਨਾਲ ਸੰਬੰਧਿਤ ਮਨੀ ਲਾਂਡਰਿੰਗ ਮਾਮਲੇ ਵਿਚ ਸੰਮਨ ਜਾਰੀ ਕੀਤਾ ਗਿਆ ਹੈ। ਅਧਿਕਾਰਤ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ 66 ਸਾਲਾ ਅਨਿਲ ਅੰਬਾਨੀ ਨੂੰ ਦਿੱਲੀ ਸਥਿਤ ਈ.ਡੀ. ਹੈੱਡਕੁਆਰਟਰ ਵਿਚ ਪੇਸ਼ ਹੋਣ ਲਈ ਕਿਹਾ ਗਿਆ ਹੈ। ਇਹ ਮਾਮਲਾ ਇੱਥੇ ਵੀ ਦਰਜ ਕੀਤਾ ਗਿਆ ਹੈ। ਏਜੰਸੀ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀਐਮਐਲਏ) ਦੇ ਤਹਿਤ ਉਨ੍ਹਾਂ ਦਾ ਬਿਆਨ ਦਰਜ ਕਰੇਗੀ।
ਇਹ ਸੰਮਨ ਪਿਛਲੇ ਹਫ਼ਤੇ ਸੰਘੀ ਏਜੰਸੀ ਵਲੋਂ ਉਨ੍ਹਾਂ ਦੇ ਵਪਾਰਕ ਸਮੂਹ ਦੀਆਂ ਕਈ ਕੰਪਨੀਆਂ ਅਤੇ ਅਧਿਕਾਰੀਆਂ ’ਤੇ ਛਾਪੇਮਾਰੀ ਕਰਨ ਤੋਂ ਬਾਅਦ ਆਇਆ ਹੈ। 24 ਜੁਲਾਈ ਨੂੰ ਸ਼ੁਰੂ ਹੋਏ ਛਾਪੇ ਤਿੰਨ ਦਿਨ ਚੱਲੇ। ਇਹ ਕਾਰਵਾਈ ਅਨਿਲ ਅੰਬਾਨੀ ਦੀਆਂ ਕਈ ਸਮੂਹ ਕੰਪਨੀਆਂ ਦੁਆਰਾ ਕਥਿਤ ਵਿੱਤੀ ਬੇਨਿਯਮੀਆਂ ਅਤੇ 10,000 ਕਰੋੜ ਰੁਪਏ ਤੋਂ ਵੱਧ ਦੇ ਸਮੂਹਿਕ ਕਰਜ਼ੇ ਦੇ ਡਾਇਵਰਸ਼ਨ ਨਾਲ ਸੰਬੰਧਿਤ ਹੈ। ਈ.ਡੀ. ਦੀ ਕਾਰਵਾਈ ਦੇ ਹਿੱਸੇ ਵਜੋਂ ਮੁੰਬਈ ਵਿਚ 35 ਤੋਂ ਵੱਧ ਅਹਾਤਿਆਂ ’ਤੇ ਛਾਪੇਮਾਰੀ ਕੀਤੀ ਗਈ।
ਇਹ ਅਹਾਤੇ 50 ਕੰਪਨੀਆਂ ਅਤੇ 25 ਲੋਕਾਂ ਦੇ ਸਨ, ਜਿਨ੍ਹਾਂ ਵਿਚ ਅਨਿਲ ਅੰਬਾਨੀ ਸਮੂਹ ਦੀਆਂ ਕੰਪਨੀਆਂ ਦੇ ਕਈ ਅਧਿਕਾਰੀ ਵੀ ਸ਼ਾਮਿਲ ਸਨ। ਈ.ਡੀ. ਦੇ ਸੂਤਰਾਂ ਨੇ ਕਿਹਾ ਸੀ ਕਿ ਜਾਂਚ ਮੁੱਖ ਤੌਰ ’ਤੇ ਯੈੱਸ ਬੈਂਕ ਵਲੋਂ 2017-2019 ਦੇ ਵਿਚਕਾਰ ਅੰਬਾਨੀ ਸਮੂਹ ਦੀਆਂ ਕੰਪਨੀਆਂ ਨੂੰ ਦਿੱਤੇ ਗਏ ਲਗਭਗ 3,000 ਕਰੋੜ ਰੁਪਏ ਦੇ ਗੈਰ-ਕਾਨੂੰਨੀ ਕਰਜ਼ੇ ਨੂੰ ਡਾਇਵਰਸ਼ਨ ਕਰਨ ਦੇ ਦੋਸ਼ਾਂ ਨਾਲ ਸੰਬੰਧਿਤ ਹੈ।