ਟਰੰਪ ਨੇ ਭਾਰਤ ਸਮੇਤ 92 ਦੇਸ਼ਾਂ ’ਤੇ ਲਗਾਏ ਨਵੇਂ ਟੈਰਿਫ਼, 7 ਅਗਸਤ ਤੋਂ ਹੋਣਗੇ ਲਾਗੂ

ਵਾਸ਼ਿੰਗਟਨ, ਡੀ.ਸੀ. 1 ਅਗਸਤ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਸਮੇਤ 92 ਦੇਸ਼ਾਂ ’ਤੇ ਨਵੇਂ ਟੈਰਿਫ ਲਗਾਏ ਹਨ। ਇਹ 7 ਅਗਸਤ ਤੋਂ ਲਾਗੂ ਹੋਣਗੇ। ਇਸ ਵਿਚ ਭਾਰਤ ’ਤੇ 25% ਟੈਰਿਫ ਅਤੇ ਪਾਕਿਸਤਾਨ ’ਤੇ 19% ਟੈਰਿਫ ਲਗਾਇਆ ਗਿਆ ਹੈ। ਦੱਖਣੀ ਏਸ਼ੀਆ ਵਿਚ ਸਭ ਤੋਂ ਘੱਟ ਟੈਰਿਫ਼ ਪਾਕਿਸਤਾਨ ’ਤੇ ਲਗਾਇਆ ਗਿਆ ਹੈ। ਅਮਰੀਕਾ ਨੇ ਪਹਿਲਾਂ ਪਾਕਿਸਤਾਨ ’ਤੇ 29% ਟੈਰਿਫ ਲਗਾਇਆ ਸੀ।
ਹਾਲਾਂਕਿ ਅਮਰੀਕਾ ਨੇ ਭਾਰਤ ਸਮੇਤ ਕਈ ਹੋਰ ਦੇਸ਼ਾਂ ’ਤੇ ਟੈਰਿਫ ਇਕ ਹਫ਼ਤੇ ਲਈ ਮੁਲਤਵੀ ਕਰ ਦਿੱਤਾ ਹੈ। ਪਹਿਲਾਂ, ਇਹ ਟੈਰਿਫ 1 ਅਗਸਤ ਯਾਨੀ ਅੱਜ ਤੋਂ ਲਾਗੂ ਹੋਣਾ ਸੀ, ਪਰ ਹੁਣ ਇਹ 7 ਅਗਸਤ ਤੋਂ ਲਾਗੂ ਹੋਵੇਗਾ। ਬੀਤੇ ਦਿਨ ਵਾਈਟ ਹਾਊਸ ਨੇ ਉਨ੍ਹਾਂ ਦੇਸ਼ਾਂ ਦੀ ਸੂਚੀ ਜਾਰੀ ਕੀਤੀ, ਜਿਨ੍ਹਾਂ ’ਤੇ ਅਮਰੀਕੀ ਸਰਕਾਰ ਨੇ ਟੈਰਿਫ ਲਗਾਏ ਹਨ ਜਾਂ ਸੋਧੇ ਹਨ।
‘ਪਰਸਪਰ ਟੈਰਿਫ਼ ਦਰਾਂ ਵਿਚ ਹੋਰ ਸੋਧਾਂ’ ਸਿਰਲੇਖ ਵਾਲੇ ਇਕ ਕਾਰਜਕਾਰੀ ਆਦੇਸ਼ ਵਿਚ, ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੁਨੀਆ ਭਰ ਦੇ ਲਗਭਗ 70 ਦੇਸ਼ਾਂ ਲਈ ਟੈਰਿਫ਼ ਦਰਾਂ ਦਾ ਐਲਾਨ ਕੀਤਾ ਹੈ। ਭਾਰਤ ’ਤੇ 25 ਪ੍ਰਤੀਸ਼ਤ ਟੈਰਿਫ ਲਗਾਇਆ ਗਿਆ ਹੈ। ਕਾਰਜਕਾਰੀ ਆਦੇਸ਼ ਵਿਚ, ਟਰੰਪ ਨੇ ਕਿਹਾ ਕਿ ਕੁਝ ਵਪਾਰਕ ਭਾਈਵਾਲ ਦੇਸ਼ ਅਮਰੀਕਾ ਨਾਲ ਵਪਾਰ ਅਤੇ ਸੁਰੱਖਿਆ ਸਮਝੌਤੇ ਕਰਨ ਲਈ ਸਹਿਮਤ ਹੋਏ ਹਨ ਅਤੇ ਕੁਝ ਸਹਿਮਤ ਹੋਣ ਦੀ ਕਗਾਰ ’ਤੇ ਹਨ। ਇਹ ਵਪਾਰਕ ਰੁਕਾਵਟਾਂ ਨੂੰ ਸਥਾਈ ਤੌਰ ’ਤੇ ਹਟਾਉਣ ਅਤੇ ਆਰਥਿਕ ਅਤੇ ਰਾਸ਼ਟਰੀ ਸੁਰੱਖਿਆ ਮਾਮਲਿਆਂ ਵਿਚ ਅਮਰੀਕਾ ਨਾਲ ਤਾਲਮੇਲ ਕਰਨ ਦੇ ਉਨ੍ਹਾਂ ਦੇ ਇਮਾਨਦਾਰ ਇਰਾਦਿਆਂ ਨੂੰ ਦਰਸਾਉਂਦਾ ਹੈ। ਟਰੰਪ ਨੇ ਕਿਹਾ ਕਿ ਗੱਲਬਾਤ ਵਿਚ ਸ਼ਾਮਿਲ ਹੋਣ ਦੇ ਬਾਵਜੂਦ, ਬਹੁਤ ਸਾਰੇ ਵਪਾਰਕ ਭਾਈਵਾਲਾਂ ਨੇ ਅਜਿਹੀਆਂ ਸ਼ਰਤਾਂ ਪੇਸ਼ ਕੀਤੀਆਂ ਹਨ ਜੋ, ਮੇਰੇ ਵਿਚਾਰ ਵਿਚ, ਸਾਡੇ ਵਪਾਰਕ ਸੰਬੰਧਾਂ ਵਿਚ ਅਸੰਤੁਲਨ ਨੂੰ ਦੂਰ ਨਹੀਂ ਕਰਦੀਆਂ ਜਾਂ ਆਰਥਿਕ ਅਤੇ ਰਾਸ਼ਟਰੀ ਸੁਰੱਖਿਆ ਮਾਮਲਿਆਂ ਵਿਚ ਅਮਰੀਕਾ ਨਾਲ ਢੁਕਵਾਂ ਤਾਲਮੇਲ ਕਰਨ ਵਿਚ ਅਸਫ਼ਲ ਰਹੀਆਂ ਹਨ।