ਮੈਂ ਚੁੱਕਦਾ ਰਹਾਂਗਾ ਪਿਕਅੱਪ ਟਰੱਕਾਂ ਦੀ ਗਲਤ ਖ਼ਰੀਦ ਦਾ ਮੁੱਦਾ- ਸੁਖਪਾਲ ਸਿੰਘ ਖਹਿਰਾ

ਚੰਡੀਗੜ੍ਹ, 1 ਅਗਸਤ- ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਅਜੇ ਤੱਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਓ.ਐਸ.ਡੀ. ਵਲੋਂ ਭੇਜਿਆ ਗਿਆ ਮਾਣਹਾਨੀ ਨੋਟਿਸ ਨਹੀਂ ਮਿਲਿਆ ਹੈ। ਇਹ ਦਾਅਵਾ ਸੀਨੀਅਰ ਕਾਂਗਰਸੀ ਆਗੂ ਅਤੇ ਕਪੂਰਥਲਾ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਖੁਦ ਕੀਤਾ ਹੈ।
ਖਹਿਰਾ ਨੇ ਕਿਹਾ ਕਿ ਉਨ੍ਹਾਂ ਨੂੰ ਮੀਡੀਆ ਰਾਹੀਂ ਪਤਾ ਲੱਗਾ ਹੈ ਕਿ ਸਥਾਨਕ ਅਦਾਲਤ ਨੇ ਉਨ੍ਹਾਂ ਵਿਰੁੱਧ ਮਾਣਹਾਨੀ ਨੋਟਿਸ ਜਾਰੀ ਕੀਤਾ ਹੈ। ਇਹ ਨੋਟਿਸ ਮੁੱਖ ਮੰਤਰੀ ਦੇ ਓ.ਐਸ.ਡੀ. ਦੀ ਸ਼ਿਕਾਇਤ ’ਤੇ ਜਾਰੀ ਕੀਤਾ ਗਿਆ ਹੈ ਅਤੇ ਸੁਣਵਾਈ 11 ਅਗਸਤ ਨੂੰ ਹੋਵੇਗੀ। ਖਹਿਰਾ ਨੇ ਕਿਹਾ ਕਿ ਉਨ੍ਹਾਂ ਨੂੰ ਅਜੇ ਤੱਕ ਇਹ ਨੋਟਿਸ ਨਹੀਂ ਮਿਲਿਆ ਹੈ।
ਖਹਿਰਾ ਨੇ ਅੱਗੇ ਕਿਹਾ ਕਿ ਮੈਂ ਇਹ ਰਿਕਾਰਡ ’ਤੇ ਰੱਖਣਾ ਚਾਹੁੰਦਾ ਹਾਂ ਕਿ ਮੈਂ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਗ੍ਰਹਿ ਮੰਤਰੀ ਵਜੋਂ 144 ਟੋਇਟਾ ਹਾਈਲਕਸ ਵਾਹਨਾਂ ਦੀ ਗਲਤ ਖਰੀਦ ਦਾ ਮੁੱਦਾ ਉਠਾਉਂਦਾ ਰਹਾਂਗਾ। ਇਹ ਖਰੀਦ ਡੀ.ਜੀ.ਪੀ. ਪੰਜਾਬ ਦੇ ਨਾਮ ’ਤੇ ਕੀਤੀ ਗਈ ਹੈ ਅਤੇ ਇਹ ਭ੍ਰਿਸ਼ਟਾਚਾਰ ਸਿੱਧੇ ਤੌਰ ’ਤੇ ਆਮ ਆਦਮੀ ਪਾਰਟੀ ਦੇ ਆਗੂਆਂ ਨਾਲ ਜੁੜਿਆ ਹੋਇਆ ਹੈ। ਮੈਂ ਇਸ ਮਾਮਲੇ ਨੂੰ ਇਸ ਦੇ ਤਰਕਪੂਰਨ ਸਿੱਟੇ ’ਤੇ ਲੈ ਕੇ ਜਾਵਾਂਗਾ। ਖਹਿਰਾ ਨੇ ਪੰਜਾਬ ਦੇ ਮੁੱਖ ਧਾਰਾ ਮੀਡੀਆ ’ਤੇ ਵੀ ਸਵਾਲ ਉਠਾਏ। ਉਨ੍ਹਾਂ ਕਿਹਾ ਕਿ ਇਹ ਖ਼ਬਰ ਇਕ ਪਾਸੜ ਤਰੀਕੇ ਨਾਲ ਚਲਾਈ ਗਈ ਸੀ ਅਤੇ ਉਨ੍ਹਾਂ ਦਾ ਪੱਖ ਵੀ ਨਹੀਂ ਲਿਆ ਗਿਆ। ਉਨ੍ਹਾਂ ਅਜਿਹੇ ਮੀਡੀਆ ਨੂੰ ‘ਕੇਜੀ ਮੀਡੀਆ’ ਕਿਹਾ ਅਤੇ ਕਿਹਾ ਕਿ ਇਹ ਇਕ ਵਿਕਿਆ ਹੋਇਆ ਮੀਡੀਆ ਹੈ, ਜੋ ਆਮ ਆਦਮੀ ਪਾਰਟੀ ਦੇ ਹੱਕ ਵਿਚ ਕੰਮ ਕਰ ਰਿਹਾ ਹੈ।