ਪ੍ਰਧਾਨ ਮੰਤਰੀ ਸਿੱਖ ਕਕਾਰਾਂ ਦੀ ਮਹਾਨਤਾ ਬਾਰੇ ਸਾਰੇ ਰਾਜਾਂ ਨੂੰ ਪੱਤਰ ਲਿਖਣ- ਮੰਤਰੀ ਧਾਲੀਵਾਲ

ਅਜਨਾਲਾ/ਜਗਦੇਵ ਕਲਾਂ, 30 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ/ਸ਼ਰਨਜੀਤ ਸਿੰਘ ਗਿੱਲ)-ਰਾਜਸਥਾਨ ਅੰਦਰ ਪ੍ਰੀਖਿਆ ਦੌਰਾਨ ਗੁਰਸਿੱਖ ਲੜਕੀ ਨੂੰ ਕਕਾਰ ਪਾਉਣ ਕਾਰਨ ਪ੍ਰੀਖਿਆ ਵਿਚ ਦਾਖਲਾ ਨਾ ਦੇਣ `ਤੇ ਸਿੱਖ ਕੌਮ ਵਲੋਂ ਪ੍ਰਗਟਾਏ ਰੋਸ ਮਗਰੋਂ ਰਾਜਸਥਾਨ ਸਰਕਾਰ ਵਲੋਂ ਸਿੱਖ ਉਮੀਦਵਾਰਾਂ ਨੂੰ ਕਕਾਰਾਂ ਸਮੇਤ ਪ੍ਰੀਖਿਆ ਦੇਣ ਦੀ ਦਿੱਤੀ ਪ੍ਰਵਾਨਗੀ ਉਤੇ ਪ੍ਰਤੀਕਿਰਿਆ ਦਿੰਦਿਆਂ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੇ ਹਲਕਾ ਅਜਨਾਲਾ ਦੇ ਵਿਧਾਇਕ ਸ. ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਰਾਜਸਥਾਨ ਸਰਕਾਰ ਵਲੋਂ ਕੀਤੀ ਗਈ ਇਹ ਵੱਡੀ ਗਲਤੀ ਸੀ, ਜਿਸ ਦੀ ਅਸੀਂ ਘੋਰ ਨਿੰਦਾ ਕਰਦੇ ਹਾਂ। ਉਨ੍ਹਾਂ ਮੰਗ ਕੀਤੀ ਕਿ ਹੁਣ ਉਕਤ ਬੱਚੀ ਲਈ ਵਿਸ਼ੇਸ਼ ਤੌਰ `ਤੇ ਪ੍ਰਬੰਧ ਕਰਕੇ ਪੇਪਰ ਦੇਣ ਦਾ ਮੌਕਾ ਦਿੱਤਾ ਜਾਵੇ ਤਾਂ ਜੋਂ ਉਸ ਨੂੰ ਇਨਸਾਫ਼ ਮਿਲ ਸਕੇ।
ਸ. ਧਾਲੀਵਾਲ ਨੇ ਅੱਗੇ ਕਿਹਾ ਕਿ ਭਾਰਤ ਦੇ ਸੰਵਿਧਾਨ ਅਨੁਸਾਰ ਸਿੱਖਾਂ ਨੂੰ ਕਿਰਪਾਨ ਪਹਿਨਣ ਦਾ ਪੂਰਾ ਅਧਿਕਾਰ ਹੈ ਅਤੇ ਸਿੱਖ ਰਹਿਤ ਮਰਿਯਾਦਾ ਅਨੁਸਾਰ ਕੋਈ ਵੀ ਅੰਮ੍ਰਿਤਧਾਰੀ ਸਿੱਖ ਆਪਣੇ ਸਰੀਰ ਨਾਲੋਂ ਪੰਜ ਕਕਾਰ ਵੱਖ ਨਹੀਂ ਕਰ ਸਕਦਾ। ਇਸ ਲਈ ਬਕਾਇਦਾ ਨਿਯਮ ਹਨ, ਜਿਨ੍ਹਾਂ ਨੂੰ ਅਕਸਰ ਅਣਗੌਲਿਆ ਜਾਂਦਾ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਸੂਬਾ ਸਰਕਾਰਾਂ ਨੂੰ ਸਰਕੂਲਰ ਜਾਰੀ ਕਰਨ ਕਿ ਭਾਰਤੀ ਸੰਵਿਧਾਨ ਅੰਦਰ ਸਿੱਖਾਂ ਨੂੰ ਮਿਲੇ ਅਧਿਕਾਰਾਂ ਦੀ ਰਖਵਾਲੀ ਕੀਤੀ ਜਾਵੇ।