ਭਾਰਤ ਬਨਾਮ ਇੰਗਲੈਂਡ 5ਵਾਂ ਟੈਸਟ ਦਿਨ 4 - ਨਤੀਜਾ ਹੁਣ ਓਵਲ ਟੈਸਟ ਦੇ ਆਖਰੀ ਦਿਨ ਆਵੇਗਾ, ਭਾਰਤੀ ਟੀਮ ਜਿੱਤ ਤੋਂ 4 ਵਿਕਟਾਂ ਦੂਰ

ਲੰਡਨ , 3 ਅਗਸਤ - ਭਾਰਤ ਅਤੇ ਇੰਗਲੈਂਡ ਵਿਚਕਾਰ ਐਂਡਰਸਨ-ਤੇਂਦੁਲਕਰ ਟਰਾਫੀ 2025 ਦਾ ਆਖਰੀ ਟੈਸਟ ਮੈਚ ਲੰਡਨ ਦੇ ਓਵਲ ਕ੍ਰਿਕਟ ਗਰਾਊਂਡ 'ਤੇ ਚੱਲ ਰਿਹਾ ਹੈ। ਇਸ ਮੈਚ ਦਾ ਚੌਥਾ ਦਿਨ (3 ਅਗਸਤ) ਖ਼ਤਮ ਹੋ ਗਿਆ ਹੈ। ਇੰਗਲੈਂਡ ਦੀ ਟੀਮ ਦਾ ਸਕੋਰ 339 ਦੌੜਾਂ ਹੈ ਅਤੇ ਉਸ ਨੇ 6 ਵਿਕਟਾਂ ਗੁਆ ਦਿੱਤੀਆਂ ਹਨ। ਜੈਮੀ ਓਵਰਟਨ 0 'ਤੇ ਨਾਬਾਦ ਹੈ ਅਤੇ ਜੈਮੀ ਸਮਿਥ 2 ਦੌੜਾਂ 'ਤੇ ਹੈ। ਇੰਗਲੈਂਡ ਜਿੱਤ ਤੋਂ 35 ਦੌੜਾਂ ਦੂਰ ਹੈ। ਭਾਰਤ ਨੂੰ 4 ਵਿਕਟਾਂ ਦੀ ਲੋੜ ਹੈ। ਹੁਣ ਇਸ ਮੈਚ ਦਾ ਫ਼ੈਸਲਾ ਪੰਜਵੇਂ ਦਿਨ ਹੋਵੇਗਾ। ਚੌਥੇ ਦਿਨ ਦਾ ਖੇਡ ਮੀਂਹ ਕਾਰਨ ਜਲਦੀ ਖ਼ਤਮ ਕਰਨਾ ਪਿਆ।
ਮੈਚ ਵਿਚ, ਭਾਰਤੀ ਟੀਮ ਨੇ ਇੰਗਲੈਂਡ ਨੂੰ ਜਿੱਤ ਲਈ 374 ਦੌੜਾਂ ਦਾ ਟੀਚਾ ਦਿੱਤਾ ਹੈ। ਭਾਰਤੀ ਟੀਮ ਨੇ ਆਪਣੀ ਪਹਿਲੀ ਪਾਰੀ ਵਿਚ 224 ਦੌੜਾਂ ਬਣਾਈਆਂ ਅਤੇ ਇੰਗਲੈਂਡ ਨੇ ਆਪਣੀ ਪਹਿਲੀ ਪਾਰੀ ਵਿਚ 247 ਦੌੜਾਂ ਬਣਾਈਆਂ। ਪਹਿਲੀ ਪਾਰੀ ਦੇ ਆਧਾਰ 'ਤੇ ਇੰਗਲੈਂਡ ਨੂੰ 23 ਦੌੜਾਂ ਦੀ ਥੋੜ੍ਹੀ ਜਿਹੀ ਬੜ੍ਹਤ ਮਿਲੀ। ਫਿਰ ਭਾਰਤੀ ਟੀਮ ਦੀ ਦੂਜੀ ਪਾਰੀ 396 ਦੌੜਾਂ 'ਤੇ ਖ਼ਤਮ ਹੋਈ।