ਨਿਊਜ਼ੀਲੈਂਡ ਪੁਲਿਸ ’ਚ ਭਰਤੀ ਹੋਏ 8 ਵਿਚੋਂ 7 ਪੁਲਿਸ ਅਧਿਕਾਰੀ ਪੰਜਾਬੀ

ਆਕਲੈਂਡ, 4 ਅਗਸਤ (ਹਰਮਨਪ੍ਰੀਤ ਸਿੰਘ ਗੋਲੀਆ) - ਨਿਊਜ਼ੀਲੈਂਡ ਵਿਚ ਵੱਸਦੇ ਭਾਰਤੀ ਭਾਈਚਾਰੇ ਦਾ ਮਾਣ ਅੱਜ ਉਸ ਸਮੇਂ ਫਿਰ ਵਧਿਆ ਜਦੋਂ ਦੇਸ਼ ਦੀ ਰਾਜਧਾਨੀ ਵਲਿੰਗਟਨ ਵਿਖੇ ਨਿਊਜ਼ੀਲੈਂਡ ਪੁਲਿਸ ਵਿਚ ਨਵੇਂ ਭਰਤੀ ਹੋਏ 87 ਪੁਲਿਸ ਅਧਿਕਾਰੀਆਂ ਵਿਚ 8 ਭਾਰਤੀ ਮੂਲ ਦੇ, ਜਿਨ੍ਹਾਂ ਵਿਚੋਂ 7 ਪੰਜਾਬੀ ਨੌਜਵਾਨ ਹਨ, ਨੇ ਜੁਆਇਨ ਕੀਤਾ। ਨਵੇਂ ਭਰਤੀ ਹੋਏ ਇਹ ਸਾਰੇ ਅਧਿਕਾਰੀ ਹੁਣ 11 ਅਗਸਤ ਤੋਂ ਨਿਊਜ਼ੀਲੈਂਡ ਪੁਲਿਸ ਵਿਚ ਵਖੋ ਵੱਖ ਜ਼ਿਲ੍ਹਿਆਂ ਵਿਚ ਸੇਵਾਵਾਂ ਦੇਣਗੇ। ਇਹ ਸਾਰੇ ਨਵੇਂ ਪੁਲਿਸ ਅਧਿਕਾਰੀ ਵਿੰਗ 386 ਦਾ ਹਿੱਸਾ ਹਨ। ਇਨ੍ਹਾਂ ਨੌਜਵਾਨਾਂ ਦੀ ਪੁਲਿਸ ਵਿਚ ਭਾਰਤੀ ਭਾਈਚਾਰੇ ਦੀ ਹਿੱਸੇਦਾਰੀ ਨੂੰ ਹੋਰ ਮਜ਼ਬੂਤੀ ਮਿਲੀ ਹੈ।
ਨਿਊਜ਼ੀਲੈਂਡ ਪੁਲਿਸ ਵਿਚ ਆਪਣੀਆਂ ਸੇਵਾਵਾਂ ਸ਼ੁਰੂ ਕਰਨ ਵਾਲੇ ਇਨ੍ਹਾਂ 87 ਪੁਲਿਸ ਅਧਿਕਾਰੀਆਂ ਵਿਚ 33 ਨੌਜਵਾਨ ਵੱਖ-ਵੱਖ ਦੇਸ਼ਾਂ ਦੇ ਜੰਮਪਲ ਹਨ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਪੁਲਿਸ ਵਿਚ ਇਸ ਸਮੇਂ 67.8 ਪ੍ਰਤੀਸ਼ਤ ਨਿਊਜ਼ੀਲੈਂਡ ਯੂਰਪੀਅਨ ਮੂਲ, 11. 5 ਪ੍ਰਤੀਸ਼ਤ ਮੂਲ ਨਿਵਾਸੀ ਐਮ. ਮਾਓਰੀ, 6.8 ਪ੍ਰਤੀਸ਼ਤ ਪੈਸਫਿਕ ਮੂਲ, 12. 6 ਪ੍ਰਤੀਸ਼ਤ ਏਸ਼ੀਆਈ ਮੂਲ ਅਤੇ 1.1 ਪ੍ਰਤੀਸ਼ਤ ਹੋਰ ਮੂਲ ਦੇ ਪੁਲਿਸ ਅਧਿਕਾਰੀ ਸੇਵਾਵਾਂ ਦੇ ਰਹੇ ਹਨ।
ਇਸ ਤੋਂ ਇਲਾਵਾ 71.3 ਪ੍ਰਤੀਸ਼ਤ ਮਰਦ ਅਤੇ 28.7 ਪ੍ਰਤੀਸ਼ਤ ਔਰਤਾਂ ਨਿਊਜ਼ੀਲੈਂਡ ਪੁਲਿਸ ਵਿਚ ਵੱਖ-ਵੱਖ ਅਹੁਦਿਆਂ ’ਤੇ ਸੇਵਾਵਾਂ ਦੇ ਰਹੀਆਂ ਹਨ। ਇਸ ਸਮੇਂ ਨਿਊਜ਼ੀਲੈਂਡ ਪੁਲਿਸ ਵਿਚ ਵੱਖ-ਵੱਖ ਅਹੁਦਿਆਂ ’ਤੇ ਭਾਰਤੀ ਮੂਲ ਦੀਆਂ ਔਰਤਾਂ ਤੇ ਖਾਸ ਕਰ ਪੰਜਾਬ ਦੀਆਂ ਜੰਮੀਆਂ ਧੀਆਂ ਵੀ ਆਪਣੀਆਂ ਸੇਵਾਵਾਂ ਦੇ ਰਹੀਆਂ ਹਨ। ਅੱਜ ਨਵੀਆਂ ਹੋਈਆਂ ਨਿਯੁਕਤੀਆਂ ਤੋਂ ਬਾਅਦ ਜਿਥੇ ਭਾਰਤੀ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ ਹੈ, ਉੱਥੇ ਹੀ ਪੰਜਾਬ ਦੇ ਨੌਜਵਾਨਾਂ ਦੀ ਵੀ ਨਿਊਜ਼ੀਲੈਂਡ ਪੁਲਿਸ ਵਿਚ ਵਧ ਰਹੀ ਗਿਣਤੀ ਨਾਲ ਪੰਜਾਬੀ ਭਾਈਚਾਰਾ ਖੁਸ਼ੀ ਮਨਾ ਰਿਹਾ ਹੈ।