ਪੰਜਾਬੀ ਗਾਇਕ ਹਰਭਜਨ ਮਾਨ ਦੀ ਕਾਰ ਹਾਦਸੇ ਦਾ ਸ਼ਿਕਾਰ

ਚੰਡੀਗੜ੍ਹ, 4 ਅਗਸਤ-ਪੰਜਾਬੀ ਗਾਇਕ ਹਰਭਜਨ ਮਾਨ ਦੀ ਕਾਰ ਭਿਆਨਕ ਹਾਦਸੇ ਦੇ ਸ਼ਿਕਾਰ ਹੋਣ ਦੀ ਖਬਰ ਸਾਹਮਣੇ ਆਈ ਹੈ। ਕੁਰੂਕਸ਼ੇਤਰ 'ਚ ਡਿਵਾਈਡਰ ਨਾਲ ਹਰਭਜਨ ਮਾਨ ਦੀ ਕਾਰ ਟਕਰਾਅ ਗਈ। ਦਿੱਲੀ ਤੋਂ ਸ਼ੋਅ ਲਗਾ ਕੇ ਵਾਪਸ ਚੰਡੀਗੜ੍ਹ
ਆ ਰਹੇ ਸਨ। ਗੱਡੀ ਸਵਾਰ 4 ਲੋਕ ਜ਼ਖਮੀ ਦੱਸੇ ਜਾ ਰਹੇ ਹਨ।
ਪਿਪਲੀ ਵਿਚ ਹਾਈਵੇਅ 'ਤੇ ਹਰਭਜਨ ਮਾਨ ਦੀ ਕਾਰ ਪਸ਼ੂ ਨਾਲ ਟਕਰਾਅ ਕੇ ਪਲਟ ਗਈ। ਇਹ ਹਾਦਸਾ ਸਵੇਰੇ 4:30 ਵਜੇ ਵਾਪਰਿਆ ਦੱਸਿਆ ਜਾ ਰਿਹਾ ਹੈ। ਪੰਜਾਬੀ ਗਾਇਕ ਹਰਭਜਨ ਮਾਨ ਆਪਣੇ ਪੁੱਤਰ ਅਵਕਾਸ਼ ਮਾਨ ਨਾਲ ਇਨੋਵਾ ਕਾਰ ਵਿਚ ਦਿੱਲੀ ਤੋਂ ਚੰਡੀਗੜ੍ਹ ਜਾ ਰਹੇ ਸਨ। ਇਸ ਹਾਦਸੇ ਵਿਚ ਹਰਭਜਨ ਮਾਨ, ਪੁੱਤਰ ਅਵਕਾਸ਼ ਮਾਨ, ਕਾਰ ਡਰਾਈਵਰ ਅਤੇ ਸੁਰੱਖਿਆ ਕਰਮਚਾਰੀ ਜ਼ਖਮੀ ਹੋ ਗਏ ਹਨ। ਉਹ ਦੇਰ ਰਾਤ ਦਿੱਲੀ ਵਿਚ ਇਕ ਸ਼ੋਅ ਤੋਂ ਬਾਅਦ ਵਾਪਸ ਆ ਰਹੇ ਸਨ। ਅਚਾਨਕ ਪਿਪਲੀ ਹਾਈਵੇਅ 'ਤੇ ਉਨ੍ਹਾਂ ਦੀ ਕਾਰ ਇਕ ਬੇਜ਼ੁਬਾਨ ਪਸ਼ੂ ਨਾਲ ਟਕਰਾਅ ਗਈ ਤੇ ਡਿਵਾਈਡਰ ਨਾਲ ਟਕਰਾਅ ਗਈ ਅਤੇ ਫਿਰ ਪਲਟ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਇਨੋਵਾ ਕਾਰ ਦਾ ਅਗਲਾ ਹਿੱਸਾ ਟੁਕੜੇ-ਟੁਕੜੇ ਹੋ ਗਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ। ਹਰਭਜਨ ਮਾਨ ਅਤੇ ਉਨ੍ਹਾਂ ਦੇ ਪੁੱਤਰ ਨੂੰ ਮਾਮੂਲੀ ਸੱਟਾਂ ਲੱਗੀਆਂ। ਇਸ ਤੋਂ ਬਾਅਦ ਸਾਰੇ ਜ਼ਖ਼ਮੀਆਂ ਨੂੰ ਇਕ ਹੋਰ ਕਾਰ ਵਿਚ ਮੋਹਾਲੀ ਦੇ ਫੋਰਟਿਸ ਹਸਪਤਾਲ ਲਿਜਾਇਆ ਗਿਆ, ਜਿਥੇ ਦੋਵਾਂ ਦਾ ਅਜੇ ਵੀ ਇਲਾਜ ਚੱਲ ਰਿਹਾ ਹੈ।